ਐਮਾਜ਼ੋਨ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਨੇ ਕੋਰੋਨਾ ਦੌਰਾਨ ਦਾਨ ਕੀਤੇ 4.2 ਬਿਲੀਅਨ ਡਾਲਰ
Thursday, Dec 17, 2020 - 07:54 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ੋਨ ਦੇ ਸੀ. ਈ. ਓ. ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕਨੀਜ਼ ਸਕਾਟ ਨੇ ਕੋਰੋਨਾ ਵਾਇਰਸ ਦੌਰਾਨ ਪਿਛਲੇ ਚਾਰ ਮਹੀਨਿਆਂ ਵਿਚ ਸੰਘਰਸ਼ ਕਰ ਰਹੇ ਅਮਰੀਕਾ ਵਾਸੀਆਂ ਦੀ ਸਹਾਇਤਾ ਕਰਨ ਲਈ ਚੈਰਿਟੀਜ਼ ਨੂੰ ਤਕਰੀਬਨ 4.2 ਬਿਲੀਅਨ ਡਾਲਰ ਦਾਨ ਵਿਚ ਦਿੱਤੇ ਹਨ।
ਇਸ ਸੰਬੰਧੀ ਮੰਗਲਵਾਰ ਨੂੰ ਇਕ ਪੋਸਟ ਵਿਚ ਵਿਸ਼ਵ ਦੀ ਇਸ ਤੀਜੀ ਅਮੀਰ ਔਰਤ ਨੇ ਦੱਸਿਆ ਕਿ ਇਸ ਸੰਕਟ ਦੌਰਾਨ ਉਸ ਨੇ ਦੇਸ਼ ਭਰ ਦੀਆਂ 384 ਸੰਸਥਾਵਾਂ ਜਿਨ੍ਹਾਂ ਵਿਚ ਫੂਡ ਬੈਂਕ, ਸਮਾਜ ਸੇਵੀ ਪ੍ਰੋਗਰਾਮ,ਨਾਗਰਿਕ ਅਧਿਕਾਰ ਸਮੂਹ, ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ , ਨੂੰ ਇਹ ਰਾਸ਼ੀ ਦਿੱਤੀ ਹੈ।
ਇਸ ਸਹਾਇਤਾ ਪ੍ਰਕਿਰਿਆ ਵਿਚ ਸਕਾਟ ਅਨੁਸਾਰ ਉਸ ਦੇ ਸਲਾਹਕਾਰਾਂ ਦੀ ਟੀਮ ਨੇ ਲਗਭਗ 6,500 ਸੰਸਥਾਵਾਂ ਦੇ ਸ਼ੁਰੂਆਤੀ ਪੂਲ ਤੋਂ ਦਾਨ ਦੀ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਕੀਤੀ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਪੈਸੇ ਦੀ ਵਰਤੋਂ ਕਰ ਸਕਣ ਅਤੇ ਉਸ ਦੀ ਟੀਮ ਨੇ ਚੈਰਿਟੀਜ਼ ਬਾਰੇ ਸੈਂਕੜੇ ਈ-ਮੇਲ ਅਤੇ ਫੋਨ ਇੰਟਰਵਿਊਜ਼ ਨਾਲ ਚੰਗੀ ਤਰ੍ਹਾਂ ਪੜਤਾਲ ਕੀਤੀ ਸੀ ਜਦਕਿ ਸਕਾਟ ਦੁਆਰਾ ਕੀਤੇ ਇਸ ਤਾਜ਼ਾ ਦਾਨ ਨਾਲ ਉਸ ਦੁਆਰਾ ਇਸ ਸਾਲ ਵਿੱਚ ਕੀਤੇ ਕੁੱਲ ਦਾਨ ਦੀ ਰਕਮ ਨੂੰ ਲਗਭਗ 5.8 ਬਿਲੀਅਨ ਡਾਲਰ ਤੱਕ ਪਹੁੰਚਾ ਦਿੱਤਾ ਹੈ।
ਬਲੂਮਬਰਗ ਦੇ ਅਰਬਪਤੀਆਂ ਦੀ ਸੂਚੀ-ਪੱਤਰ ਅਨੁਸਾਰ ਸਕਾਟ ਫਿਲਹਾਲ ਆਪਣੀ ਅੱਧੀ ਤੋਂ ਵੱਧ ਦੌਲਤ ਦੇਣ ਦੇ ਟੀਚੇ ਨੂੰ ਪੂਰਾ ਕਰਨ ਵਿਚ ਅਜੇ ਬਹੁਤ ਦੂਰ ਹੈ। ਜ਼ਿਕਰਯੋਗ ਹੈ ਕਿ ਸਕਾਟ ਨੇ ਬੇਜੋਸ ਨਾਲ ਤਲਾਕ ਦੀ ਘੋਸ਼ਣਾ ਕਰਨ ਤੋਂ ਬਾਅਦ ਮਈ 2019 ਵਿਚ ਚੈਰੀਟੀਜ਼ ਦੀ ਸਹਾਇਤਾ ਕਰਨ ਦਾ ਟੀਚਾ ਮਿੱਥਿਆ ਸੀ।