ਪਾਕਿਸਤਾਨ ’ਚ ਹਿੰਦੂ ਮੰਦਰ ’ਤੇ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅਲਤਾਫ ਹੁਸੈਨ
Saturday, Aug 07, 2021 - 01:38 PM (IST)
ਲੰਡਨ (ਬਿਊਰੋ)– ਪਾਕਿਸਤਾਨ ਦੀ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਸ.) ਪਾਰਟੀ ਦੇ ਸੰਸਥਾਪਕ ਅਲਤਾਫ ਹੁਸੈਨ ਨੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ’ਚ ਸਥਿਤ ਹਿੰਦੂਆਂ ਦੇ ਮੰਦਰ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਹੈ। ਟਵਿਟਰ ’ਤੇ ਜਾਰੀ ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਹਿਮਦੀਆ ਭਾਈਚਾਰੇ ਦੇ ਧਾਰਮਿਕ ਸਥਾਨ ’ਤੇ ਵੀ ਇਸੇ ਤਰ੍ਹਾਂ ਨਾਲ ਹਮਲਾ ਕਰਕੇ ਉਸ ਨੂੰ ਅਪਵਿੱਤਰ ਕੀਤਾ ਗਿਆ ਸੀ। ਇਹ ਹਮਲਾ ਫੈਸਲਾਬਾਦ ’ਚ ਹੋਇਆ ਸੀ ਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਕੱਟੜਪੰਥੀ ਜਮਾਤ ਦਾ ਹੱਥ ਸੀ।
ਦੱਸ ਦੇਈਏ ਕਿ ਅਲਤਾਫ ਹੁਸੈਨ ਪਿਛਲੇ ਕਈ ਸਾਲਾਂ ਤੋਂ ਲੰਡਨ ’ਚ ਰਹਿ ਰਹੇ ਹਨ। ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਕੱਟੜਪੰਥੀਆਂ ਨੇ ਭੋਗ ਪਿੰਡ ’ਚ ਬਣੇ ਹਿੰਦੂਆਂ ਦੇ ਗਣੇਸ਼ ਮੰਦਰ ’ਤੇ ਹਮਲਾ ਕੀਤਾ। ਇਨ੍ਹਾਂ ਲੋਕਾਂ ਨੇ ਉਥੇ ਰੱਖੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਸਾੜਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਅਲਤਾਫ ਹੁਸੈਨ ਨੇ ਇਸ ਘਟਨਾ ਨੂੰ ਗੈਰ-ਇਸਲਾਮੀ ਤੇ ਅਸੰਵਿਧਾਨਕ ਦੱਸਿਆ ਹੈ। ਉਨ੍ਹਾਂ ਨੇ ਸਿੱਧੇ ਤੌਰ ’ਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਫੌਜ ਦਾ ਹੱਥ ਦੱਸਿਆ ਹੈ। ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੱਕੜਪੰਥੀ ਸੰਗਠਨਾਂ ਨੂੰ ਬਣਾਉਣ ਦਾ ਕੰਮ ਪਾਕਿਸਤਾਨ ਦੀ ਫੌਜ ਕਰਦੀ ਹੈ। ਇਸ ’ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਵੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਸੰਗਠਨਾਂ ਨੂੰ ਸਿਰਫ ਨਫਰਤ ਕਰਨਾ ਤੇ ਨਫਰਤ ਭੜਕਾਉਣਾ ਹੀ ਸਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਗੈਰ-ਇਸਲਾਮੀ ਧਾਰਮਿਕ ਸਥਾਨਾਂ ’ਤੇ ਤੋੜ-ਮਰੋੜ ਕਰਨ ਦੀ ਪੂਰੀ ਟਰੇਨਿੰਗ ਦਿੱਤੀ ਜਾਂਦੀ ਹੈ।
ਅਲਤਾਫ ਨੇ ਕਿਹਾ ਕਿ ਗੈਰ-ਇਸਲਾਮਿਕ, ਘੱਟਗਿਣਤੀ ਲੋਕਾਂ ਲਈ ਪਾਕਿਸਤਾਨ ਇਕ ਮੌਤ ਦੀ ਜਗ੍ਹਾ ਬਣ ਗਈ ਹੈ, ਜਿਥੇ ਕੋਈ ਸੁਰੱਖਿਅਤ ਨਹੀਂ ਹੈ। ਬੁੱਧਵਾਰ ਨੂੰ ਰਹੀਮ ਯਾਰ ਖ਼ਾਨ ਜ਼ਿਲ੍ਹੇ ’ਚ ਜਿਸ ਹਿੰਦੂ ਮੰਦਰ ’ਤੇ ਕੱਟੜਪੰਥੀਆਂ ਨੇ ਹਮਲਾ ਕੀਤਾ ਸੀ, ਉਸ ਦੀ ਇਕ ਵੀਡੀਓ ਪਾਕਿਸਤਾਨ ਦੇ ਸੰਸਦ ਮੈਂਬਰ ਤੇ ਹਿੰਦੂ ਭਾਈਚਾਰੇ ਦੇ ਨੇਤਾ ਰਾਕੇਸ਼ ਕੁਮਾਰ ਵੰਕਵਾਨੀ ਨੇ ਸਾਂਝਾ ਵੀ ਕੀਤਾ ਹੈ। ਇਨ੍ਹਾਂ ’ਚੋਂ ਇਕ ਵੀਡੀਓ ’ਚ ਮੰਦਰ ’ਤੇ ਹਮਲਾ ਕਰਨ ਵਾਲੇ ਉਥੇ ਰੱਖੀਆਂ ਚੀਜ਼ਾਂ ਨੂੰ ਤੋੜ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।