ਯੂਨਾਨ ''ਚ ਫਾਈਜ਼ਰ ਦੇ ਕੋਰੋਨਾ ਵੈਕਸੀਨ ਨਾਲ ਐਲਰਜੀ ਹੋਣ ਦੀ ਸ਼ਿਕਾਇਤ
Tuesday, Dec 29, 2020 - 11:08 AM (IST)
ਏਥੇਨਜ਼- ਯੂਨਾਨ ਵਿਚ ਫਾਈਜ਼ਰ ਵੈਕਸੀਨ ਲਗਾਉਣ ਦੇ ਬਾਅਦ ਇਕ ਵਿਅਕਤੀ ਨੂੰ ਐਲਰਜੀ ਹੋ ਗਈ। ਸਥਾਨਕ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਯੂਰਪੀ ਸੰਘ ਵਲੋਂ ਇਜਾਜ਼ਤ ਪ੍ਰਾਪਤ ਫਾਈਜ਼ਰ ਦੀ ਵੈਕਸੀਨ ਦਾ ਟੀਕਾਕਰਣ ਐਤਵਾਰ ਨੂੰ ਸ਼ੁਰੂ ਕੀਤਾ ਗਿਆ। ਏਥੇਨਜ਼ ਦੇ 5 ਹਸਪਤਾਲਾਂ ਵਿਚ ਸ਼ਾਮ 4 ਵਜੇ ਤੱਕ 471 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਐਲਰਜੀ ਹੋਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਉਸ ਦਾ ਇਲਾਜ ਕਰ ਦਿੱਤਾ ਗਿਆ ਪਰ ਫਿਰ ਵੀ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਯੂਨਾਨ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 1,35,931 ਮਾਮਲੇ ਸਾਹਮਣੇ ਆਏ ਹਨ ਜਦਕਿ 4,672 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਚੀਨ ਦੇ ਵੁਹਾਨ ਤੋਂ ਫੈਲਿਆ ਕੋਰੋਨਾ ਵਾਇਰਸ ਪੂਰੇ ਵਿਸ਼ਵ ਵਿਚ ਪੈਰ ਪਸਾਰ ਚੁੱਕਾ ਹੈ ਤੇ ਕਈ ਲੋਕਾਂ ਦੀਆਂ ਜਾਨਾਂ ਲੈ ਚੁੱਕਾ ਹੈ। ਕਈ ਕੰਪਨੀਆਂ ਵਲੋਂ ਕੋਰੋਨਾ ਦਾ ਸੁਰੱਖਿਅਤ ਟੀਕਾ ਤਿਆਰ ਕਰਨ ਦੀ ਗੱਲ ਆਖੀ ਗਈ ਹੈ ਪਰ ਕੁਝ ਲੋਕਾਂ ਨੂੰ ਇਸ ਕਾਰਨ ਐਲਰਜੀ ਵੀ ਹੋ ਰਹੀ ਹੈ। ਇਸ ਲਈ ਅਧਿਕਾਰੀ ਇਸ ਸਬੰਧੀ ਹੋਰ ਜਾਂਚ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਸੁਰੱਖਿਅਤ ਟੀਕਾ ਦਿੱਤਾ ਜਾ ਸਕੇ।