ਅਲਬਾਨੀਆ ਭੂਚਾਲ ਕਾਰਨ ਹੁਣ ਤੱਕ ਕਰੀਬ 50 ਮੌਤਾਂ, 5000 ਤੋਂ ਵਧੇਰੇ ਬੇਘਰ

Friday, Nov 29, 2019 - 07:52 PM (IST)

ਅਲਬਾਨੀਆ ਭੂਚਾਲ ਕਾਰਨ ਹੁਣ ਤੱਕ ਕਰੀਬ 50 ਮੌਤਾਂ, 5000 ਤੋਂ ਵਧੇਰੇ ਬੇਘਰ

ਤਿਰਾਨੀ(ਏਐਫਪੀ)- ਅਲਬਾਨੀਆ ਵਿਚ ਇਸ ਹਫਤੇ ਦੀ ਸ਼ੁਰੂਆਤ ਵਿਚ ਆਏ ਭਿਆਨਕ ਭੂਚਾਲ ਵਿਚ 49 ਲੋਕਾਂ ਦੀ ਮੌਤ ਹੋ ਗਈ ਅਤੇ 5000 ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਭੂਚਾਲ ਕਾਰਨ ਹੋਏ ਨੁਕਸਾਨ ਦੇ ਅੰਕੜੇ ਸ਼ੁੱਕਰਵਾਰ ਨੂੰ ਸਾਹਮਣੇ ਰੱਖਦੇ ਹੋਏ ਇਹ ਜਾਣਕਾਰੀ ਦਿੱਤੀ।

ਅਲਬਾਨਿਆ ਵਿਚ ਮੰਗਲਵਾਰ ਤੜਕੇ ਆਇਆ 6.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਦਹਾਕਿਆਂ ਵਿਚ ਆਇਆ ਸਭ ਤੋਂ ਵਿਨਾਸ਼ਕਾਰੀ ਭੂਚਾਲ ਸੀ। ਸਭ ਤੋਂ ਜ਼ਿਆਦਾ ਨੁਕਸਾਨ ਡੁਰੇਸ ਬੰਦਰਗਾਹ ਸ਼ਹਿਰ ਦੇ ਏਡਰਿਆਟਿਕ ਤੱਟ ਦੇ ਕੋਲ ਤੇ ਥੁਮੇਨ ਨਗਰ ਵਿਚ ਹੋਇਆ ਜਿਥੇ ਅਣਗਿਣਤ ਲੋਕ ਭੂਚਾਲ ਵਿਚ ਢਹੇ ਅਪਾਰਟਮੈਂਟ ਤੇ ਹੋਟਲਾਂ ਦੇ ਹੇਠਾਂ ਦੱਬ ਗਏ ਸਨ। ਬਚਾਅ ਦਲ ਨੂੰ ਮਲਬੇ ਦੇ ਹੇਠੋਂ ਲਾਸ਼ਾਂ ਨੂੰ ਕੱਢਦਿਆਂ ਵੇਖ ਉਹਨਾਂ ਦੇ ਪਿਆਰਿਆਂ ਦੇ ਚਿਹਰਿਆਂ 'ਤੇ ਦਰਦ ਝਲਕ ਰਿਹਾ ਸੀ। ਸ਼ੁੱਕਰਵਾਰ ਨੂੰ ਬਚਾਅ ਕੋਸ਼ਿਸ਼ਾਂ ਨੂੰ ਡੁਰੇਸ ਦੇ ਇਕ ਜਾਂ ਦੋ ਹੋਰ ਸਥਾਨਾਂ 'ਤੇ ਵੀ ਕੇਂਦਰਿਤ ਕੀਤਾ ਗਿਆ। ਇਹਨਾਂ ਵਿਚ ਤਟ ਦੇ ਨੇੜੇ ਢਹੇ ਇਕ ਹੋਟਲ ਵਾਲਾ ਸਥਾਨ ਵੀ ਸ਼ਾਮਿਲ ਸੀ।

ਪ੍ਰਧਾਨ ਮੰਤਰੀ ਏਦੀ ਰਾਮਾ ਨੇ ਕਿਹਾ ਕਿ 49 ਲੋਕਾਂ ਦੀ ਜਾਨ ਚਲੀ ਗਈ ਤੇ 750 ਤੋਂ ਜ਼ਿਆਜਾ ਲੋਕ ਜ਼ਖਮੀ ਹੋਏ। ਬਚਾਅ ਤੇ ਰਾਹਤ ਦਲਾਂ ਨੇ 45 ਲੋਕਾਂ ਨੂੰ ਮਲਬੇ ਦੇ ਹੇਠੋਂ ਜਿੰਦਾ ਕੱਢਿਆ। ਬਚਾਅ ਕਾਰਜ ਵਿਚ ਯੂਰਪ ਭਰ ਦੇ ਮਾਹਰ, ਖੋਜੀ ਕੁੱਤੇ, ਕੈਮਰੇ ਤੇ ਹੋਰ ਸਮੱਗਰੀਆਂ ਦੀ ਮਦਦ ਲਈ ਗਈ।


author

Baljit Singh

Content Editor

Related News