ਅਲਾਸਕਾ ਏਅਰ ਲਾਈਨ ਨੇ ਮਾਸਕ ਨਾ ਪਾਉਣ ਵਾਲੇ 14 ਯਾਤਰੀਆਂ ''ਤੇ ਲਾਈ ਪਾਬੰਦੀ

01/10/2021 1:04:55 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਅਤੇ ਹੋਰ ਪ੍ਰਸਾਰ ਰੋਕਣ ਲਈ ਵਰਤੀਆਂ ਜਾਂਦੀਆਂ ਮੁੱਢਲੀਆਂ ਸਾਵਧਾਨੀਆਂ ਵਿਚ ਚਿਹਰੇ ਨੂੰ ਮਾਸਕ ਨਾਲ ਢਕਣਾ ਮੁੱਖ ਹੈ। ਇਹ ਸਾਵਧਾਨੀ ਹਵਾਈ ਯਾਤਰਾ ਦੌਰਾਨ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਅਮਰੀਕਾ ਵਿਚ ਅਲਾਸਕਾ ਏਅਰ ਲਾਈਨ ਨੇ ਵਾਸ਼ਿੰਗਟਨ ਦੇ ਡੂਲੇਸ ਕੌਮਾਂਤਰੀ ਹਵਾਈ ਅੱਡੇ ਤੋਂ ਵੀਰਵਾਰ ਦੀ ਉਡਾਣ ਭਰੀ। ਇਸ ਦੌਰਾਨ 14 ਯਾਤਰੀਆਂ ਨੇ ਮਾਸਕ ਪਾਉਣ ਦੇ ਹੁਕਮਾਂ ਦੀ ਪਾਲਣਾ ਤੋਂ ਇਨਕਾਰ ਕਰ ਦਿੱਤਾ ਤੇ ਏਅਰਲਾਈਨ ਨੇ ਇਨ੍ਹਾਂ 14 ਯਾਤਰੀਆਂ 'ਤੇ ਭਵਿੱਖ ਵਿਚ ਇਸ ਏਅਰਲਾਈਨ ਦੀਆਂ ਉਡਾਣਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ। 

ਏਅਰ ਲਾਈਨ ਨੇ ਦੱਸਿਆ ਕਿ ਵਾਸ਼ਿੰਗਟਨ ਤੋਂ ਸਿਆਟਲ ਜਾ ਰਹੀ ਰਾਤ ਦੀ ਇਸ ਉਡਾਣ ਦੌਰਾਨ ਚਿਹਰੇ 'ਤੇ ਮਾਸਕ ਨਾ ਲਾਉਣ ਲਈ ਬਹਿਸ ਕਰਨ ਵਾਲੇ ਸਮੂਹ ਨੇ ਜਹਾਜ਼ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ। ਅਲਾਸਕਾ ਏਅਰਲਾਈਨ ਨੇ ਇਕ ਬਿਆਨ ਜਾਰੀ ਕਰਦਿਆਂ ਜ਼ਹਾਜ਼ ਵਿਚਲੇ ਹੋਰ ਯਾਤਰੀਆਂ ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਨੂੰ ਉਡਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅਲਾਸਕਾ ਏਅਰਲਾਈਨ ਦੀ ਉਡਾਣ ਵੀਰਵਾਰ ਨੂੰ ਵਰਜੀਨੀਆ ਤੋਂ ਸਵੇਰੇ 5:23 ਵਜੇ ਦੇ ਕਰੀਬ ਰਵਾਨਾ ਹੋਈ ਅਤੇ ਸ਼ਾਮ ਲਗਭਗ 7:37 ਵਜੇ  ਵਾਸ਼ਿੰਗਟਨ ਵਿਚ ਪੁੱਜੀ ,ਜਿਸ ਦੇ ਬਾਅਦ ਇਸ ਨੇ ਅਗਲੀ ਮੰਜ਼ਲ ਲਈ ਉਡਾਣ ਭਰੀ ਸੀ। ਇਸ ਦੇ ਇਲਾਵਾ ਅਲਾਸਕਾ ਏਅਰ ਲਾਈਨ ਨੇ ਜਾਣਕਾਰੀ ਦਿੱਤੀ ਕਿ ਮਾਸਕ ਨੀਤੀ ਦੀ ਉਲੰਘਣਾ ਕਰਨ 'ਤੇ ਹੁਣ ਤੱਕ 300 ਤੋਂ ਵੱਧ ਲੋਕਾਂ ਉੱਪਰ ਭਵਿੱਖੀ ਯਾਤਰਾ ਦੀ ਪਾਬੰਦੀ ਲਗਾਈ ਗਈ ਹੈ।


Lalita Mam

Content Editor

Related News