ਅਲ-ਕਾਇਦਾ ਆਗੂ ਅਲ-ਜ਼ਵਾਹਿਰੀ ਦੀ ਅਮਰੀਕੀ ਹਵਾਈ ਹਮਲੇ 'ਚ ਮੌਤ, ਬਾਈਡੇਨ ਬੋਲੇ-ਹੁਣ ਇਨਸਾਫ ਹੋਇਆ

Tuesday, Aug 02, 2022 - 10:22 AM (IST)

ਅਲ-ਕਾਇਦਾ ਆਗੂ ਅਲ-ਜ਼ਵਾਹਿਰੀ ਦੀ ਅਮਰੀਕੀ ਹਵਾਈ ਹਮਲੇ 'ਚ ਮੌਤ, ਬਾਈਡੇਨ ਬੋਲੇ-ਹੁਣ ਇਨਸਾਫ ਹੋਇਆ

ਵਾਸ਼ਿੰਗਟਨ (ਭਾਸ਼ਾ)- ਅਫਗਾਨਿਸਤਾਨ ‘ਚ ਅਮਰੀਕੀ ਹਵਾਈ ਹਮਲੇ ‘ਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕੀ ਕਾਰਵਾਈ ਵਿਚ ਮਾਰੇ ਜਾਣ ਤੋਂ ਬਾਅਦ ਜਵਾਹਿਰੀ ਅਲ-ਕਾਇਦਾ ਦਾ ਨੇਤਾ ਬਣ ਗਿਆ ਸੀ। ਲਗਭਗ ਦੋ ਦਹਾਕੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਅਮਰੀਕੀ ਸੈਨਿਕਾਂ ਦੇ ਅਫਗਾਨਿਸਤਾਨ ਛੱਡਣ ਦੇ 11 ਮਹੀਨੇ ਬਾਅਦ ਅਮਰੀਕਾ ਨੇ ਅੱਤਵਾਦ ਵਿਰੋਧੀ ਇੱਕ ਮਹੱਤਵਪੂਰਨ ਆਪ੍ਰੇਸ਼ਨ ਵਿੱਚ ਇਹ ਸਫਲਤਾ ਹਾਸਲ ਕੀਤੀ ਹੈ। 

PunjabKesari

ਕੇਂਦਰੀ ਖੁਫੀਆ ਏਜੰਸੀ ਨੇ ਇਹ ਹਵਾਈ ਹਮਲਾ ਕੀਤਾ। ਮਾਮਲੇ ਨਾਲ ਜੁੜੇ ਪੰਜ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਐਲਾਨ ਕੀਤਾ ਕਿ ਜਵਾਹਿਰੀ ਕਾਬੁਲ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ। ਉਹਨਾਂ ਨੇ ਇਸ ਨੂੰ "ਇਨਸਾਫ" ਲਈ ਇੱਕ ਮੁਹਿੰਮ ਦੱਸਿਆ। ਅਲ-ਜ਼ਵਾਹਿਰੀ ਇਕ ਸੁਰੱਖਿਅਤ ਘਰ ਦੀ ਬਾਲਕੋਨੀ ਵਿਚ ਸੀ, ਜਦੋਂ ਡਰੋਨ ਨੇ ਉਸ 'ਤੇ ਦੋ ਮਿਜ਼ਾਈਲਾਂ ਦਾਗੀਆਂ। ਹਮਲੇ ਦੌਰਾਨ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਵਿੱਚ ਮੌਜੂਦ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬਾਈਡੇਨ ਨੇ ਕਿਹਾ ਕਿ ਉਹਨਾਂ ਨੇ ਅਲ-ਕਾਇਦਾ ਦੇ ਨੇਤਾ ਖ਼ਿਲਾਫ਼ ਸਟੀਕ ਕਾਰਵਾਈ ਲਈ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ। ਅਮਰੀਕੀ ਖੁਫੀਆ ਏਜੰਸੀ ਐੱਫ.ਬੀ.ਆਈ. ਨੇ ਆਪਣੀ ਵੈਬਸਾਈਟ 'ਤੇ ਜ਼ਵਾਹਿਰੀ ਦੀ ਪ੍ਰੋਫਾਈਲ ਤਸਵੀਰ ਜਾਰੀ ਕੀਤੀ ਹੈ। ਜਿਸ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਖਤਰਨਾਕ ਅੱਤਵਾਦੀ ਮਾਰਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹੇ ਦਰਵਾਜ਼ੇ

ਉਹਨਾਂ ਨੇ ਅੱਗੇ ਕਿਹਾ ਕਿ ਅਲ-ਜ਼ਵਾਹਿਰੀ ਨੇ ਅਦਨ ਵਿੱਚ ਅਕਤੂਬਰ-2000 ਵਿੱਚ ਅਮਰੀਕੀ ਮਰੀਨ 'ਤੇ ਹਮਲੇ ਸਮੇਤ ਹਿੰਸਾ ਦੀਆਂ ਹੋਰ ਕਾਰਵਾਈਆਂ ਵੀ ਕੀਤੀਆਂ। ਇਸ ਹਮਲੇ ਵਿੱਚ 17 ਅਮਰੀਕੀ ਮਲਾਹ ਮਾਰੇ ਗਏ ਸਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ,"ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ, ਚਾਹੇ ਤੁਸੀਂ ਕਿਤੇ ਵੀ ਲੁਕ ਜਾਓ, ਜੇਕਰ ਤੁਸੀਂ ਸਾਡੇ ਲੋਕਾਂ ਲਈ ਖਤਰਾ ਹੋ, ਤਾਂ ਅਸੀਂ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਲੱਭ ਲਵਾਂਗੇ।" ਸਾਲ 2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਲ-ਜ਼ਵਾਹਿਰੀ ਨੇ ਅਲ-ਕਾਇਦਾ 'ਤੇ ਕਬਜ਼ਾ ਕਰ ਲਿਆ। ਉਸ ਨੇ ਅਤੇ ਬਿਨ ਲਾਦੇਨ ਨੇ ਮਿਲ ਕੇ 9/11 ਦੇ ਹਮਲਿਆਂ ਦੀ ਸਾਜ਼ਿਸ਼ ਰਚੀ ਸੀ ਅਤੇ ਉਦੋਂ ਤੋਂ ਉਹ ਅਮਰੀਕਾ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ਵਿੱਚੋਂ ਇੱਕ ਬਣ ਗਏ ਹਨ। 

PunjabKesari

ਇਸ ਦੌਰਾਨ ਤਾਲਿਬਾਨ ਦੇ ਬੁਲਾਰੇ ਨੇ ਅਮਰੀਕੀ ਕਾਰਵਾਈ ਨੂੰ ਕੌਮਾਂਤਰੀ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਦੱਸਿਆ।ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਪਿਛਲੇ 20 ਸਾਲਾਂ ਦੇ ਅਸਫਲ ਤਜ਼ਰਬਿਆਂ ਦੀ ਦੁਹਰਾਈ ਹਨ ਅਤੇ ਅਮਰੀਕਾ, ਅਫਗਾਨਿਸਤਾਨ ਅਤੇ ਖੇਤਰ ਦੇ ਹਿੱਤਾਂ ਦੇ ਖ਼ਿਲਾਫ਼ ਹਨ। ਅਮਰੀਕਾ ਨੇ ਜਿਹੜੀ ਮਿਜ਼ਾਈਲ ਨਾਲ ਹਮਲਾ ਕੀਤਾ ਹੈ ਉਸ ਨੂੰ R9X ਕਹਿੰਦੇ ਹਨ। ਇਸ ਵਿਚ ਬਾਰੂਦ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਵਿਚ ਤੇਜ਼ ਧਾਰ ਵਾਲੇ ਧਾਤ ਦੇ ਬਲੇਡ ਹੁੰਦੇ ਹਨ ਜੋ ਵੱਖ-ਵੱਖ ਪਰਤਾਂ ਵਿਚ ਲਗਾਏ ਜਾਂਦੇ ਹਨ। ਫਟਣ 'ਤੇ ਛੇ ਬਲੇਡਾਂ ਦਾ ਇਕ ਸੈੱਟ ਨਿਕਲਦਾ ਹੈ। ਇਸ ਦੇ ਸਾਹਮਣੇ ਆਉਣ ਵਾਲਾ ਕੋਈ ਵੀ ਇਨਸਾਨ ਕਈ ਟੁੱਕੜਿਆਂ ਵਿਚ ਕੱਟਿਆ ਜਾਂਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News