ਅਰਬ ਨਿਊਜ਼ ਦਾ ਦਾਅਵਾ, ਅਲ-ਜਵਾਹਿਰੀ ਦੀ ਅਸਥਮਾ ਨਾਲ ਮੌਤ!
Saturday, Nov 21, 2020 - 12:15 AM (IST)
ਕਾਬੁਲ (ਏਜੰਸੀਆਂ)- ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਚੀਫ ਅਯਮਾਨ-ਅਲ-ਜਵਾਹਿਰੀ ਦੀ ਅਫਗਾਨਿਸਤਾਨ ਵਿਚ ਅਸਥਮਾ ਦੀ ਬੀਮਾਰੀ ਕਾਰਣ ਮੌਤ ਹੋ ਗਈ। ਅਰਬ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਹੈ। ਰਿਪੋਰਟ ਮੁਤਾਬਕ ਉਸ ਦੀ ਮੌਤ ਇਲਾਜ ਦੀ ਕਮੀ ਕਾਰਣ ਹੋਈ ਹੈ। ਜਵਾਹਿਰੀ ਆਖਰੀ ਵਾਰ ਇਸੇ ਸਾਲ 9/11 ਦੇ ਹਮਲੇ ਦੀ ਵਰ੍ਹੇਗੰਢ ਮੌਕੇ ਜਾਰੀ ਕੀਤੀ ਗਈ ਵੀਡੀਓ ਵਿਚ ਦੇਖਿਆ ਗਿਆ ਸੀ। ਹਾਲਾਂਕਿ, ਅਰਬ ਨਿਊਜ਼ ਨੇ ਜਵਾਹਿਰੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ
ਕੁਝ ਹੀ ਲੋਕ ਹੋਏ ਜਨਾਜ਼ੇ ਵਿਚ ਸ਼ਾਮਲ
ਅਰਬ ਨਿਊਜ਼ ਨੇ ਅਲ ਕਾਇਦਾ ਦੇ ਇਕ ਟਰਾਂਸਲੇਟਰ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਜਵਾਹਿਰੀ ਦੀ ਪਿਛਲੇ ਹਫਤੇ ਗਜ਼ਨੀ ਵਿਚ ਮੌਤ ਹੋ ਗਈ। ਰਿਪੋਰਟ ਵਿਚ ਪਾਕਿਸਤਾਨ ਦੇ ਇਕ ਸੁਰੱਖਿਆ ਅਧਿਕਾਰੀ ਦੇ ਹਵਾਲੇ ਤੋਂ ਵੀ ਇਹੀ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਲ ਕਾਇਦਾ ਦੇ ਕਰੀਬੀ ਸੂਤਰ ਦੇ ਹਵਾਲੇ ਤੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਮਹੀਨੇ ਜਵਾਹਿਰੀ ਦੀ ਮੌਤ ਹੋ ਗਈ ਹੈ ਅਤੇ ਕੁਝ ਹੀ ਲੋਕ ਉਸ ਦੇ ਜਨਾਜ਼ੇ ਵਿਚ ਸ਼ਾਮਲ ਹੋਏ ਸਨ।
'ਡੋਂਟ ਫਾਰਗੈੱਟ ਕਸ਼ਮੀਰ' ਦਾ ਵੀਡੀਓ ਜਾਰੀ ਕੀਤਾ ਸੀ
ਅਲ ਕਾਇਦਾ ਅੱਤਵਾਦੀ ਸੰਗਠਨ ਦੀ ਕਮਾਨ ਕਦੇ ਓਸਾਮਾ ਬਿਨ ਲਾਦੇਨ ਦੇ ਹੱਥਾਂ ਵਿਚ ਸੀ। ਸਾਲ 2011 ਵਿਚ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਇਸ ਸੰਗਠਨ ਦੀ ਦੇਖਰੇਖ ਅਲ ਜਵਾਹਿਰੀ ਦੀ ਹੀ ਨਿਗਰਾਨੀ ਹੇਠ ਚੱਲ ਰਹੀ ਸੀ। ਜੁਲਾਈ 2019 ਵਿਚ ਜਵਾਹਿਰੀ ਨੇ ਕਸ਼ਮੀਰ ਨੂੰ ਲੈ ਕੇ ਭਾਰਤ ਨੂੰ ਧਮਕੀਆਂ ਦਿੱਤੀਆਂ ਸਨ। ਜਵਾਹਿਰੀ ਨੇ 'ਡੋਂਟ ਫਾਰਗੈੱਟ ਕਸ਼ਮੀਰ' ਨਾਂ ਨਾਲ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਅਤੇ ਘਾਟੀ ਵਿਚ ਸਰਗਰਮ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਦੀ ਤਾਰੀਫ ਕੀਤੀ ਸੀ।
ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ
'ਓਸਾਮਾ ਬਿਨ ਲਾਦੇਨ ਦਾ ਖੱਬਾ ਹੱਥ ਸੀ ਅਲ ਜਵਾਹਿਰੀ'
ਅਲ ਜਵਾਹਿਰੀ ਨੂੰ ਅਲ ਕਾਇਦਾ ਦੇ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਦਾ ਖੱਬਾ ਹੱਥ ਕਿਹਾ ਜਾਂਦਾ ਸੀ। ਪੇਸ਼ੇ ਵਜੋਂ ਜਵਾਹਿਰੀ ਅੱਖਾਂ ਦਾ ਡਾਕਟਰ ਸੀ ਅਤੇ ਮਿਸਰ ਦੇ ਇਸਲਾਮਿਕ ਜੇਹਾਦ ਸੰਗਠਨ ਨਾਂ ਦੇ ਅੱਤਵਾਦੀ ਸੰਗਠਨ ਨੂੰ ਖੜ੍ਹਾ ਕਰਨ ਵਿਚ ਜਵਾਹਿਰੀ ਦਾ ਵੱਡਾ ਹੱਥ ਰਿਹਾ ਹੈ।
ਅਗਵਾਈ ਲਈ ਹੋ ਸਕਦਾ ਹੈ ਝਗੜਾ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਜਵਾਹਿਰੀ ਦੀ ਮੌਤ ਦੀ ਖਬਰ ਸੱਚ ਹੈ ਤਾਂ ਸੰਗਠਨ ਵਿਚ ਅਗਵਾਈ ਲਈ ਝਗੜਾ ਹੋ ਸਕਦਾ ਹੈ। ਦਰਅਸਲ ਇਸ ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਅਤੇ ਅਲ ਕਾਇਦਾ ਦੇ ਤਾਕਤਵਰ ਨੇਤਾ ਅਬੁ ਮੁਹੰਮਦ ਅਲ ਮਸਰੀ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ:ਬ੍ਰਿਟੇਨ 'ਚ ਅਗਲੇ ਮਹੀਨੇ ਤੋਂ ਲੱਗ ਸਕਦੈ ਕੋਰੋਨਾ ਦਾ ਟੀਕਾ