ਅਜਬ-ਗਜ਼ਬ: ਕੁੱਤਿਆਂ ਨੂੰ ਸੰਭਾਲੋ, 1 ਕਰੋੜ ਪਾਓ

Saturday, Jun 24, 2023 - 02:06 PM (IST)

ਅਜਬ-ਗਜ਼ਬ: ਕੁੱਤਿਆਂ ਨੂੰ ਸੰਭਾਲੋ, 1 ਕਰੋੜ ਪਾਓ

ਨਵੀਂ ਦਿੱਲੀ (ਇੰਟ.)– ਬਹੁਤ ਸਾਰੇ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਕੋਲੋਂ ਕੰਮ ਤਾਂ ਬਹੁਤ ਲਿਆ ਜਾਂਦਾ ਹੈ ਪਰ ਇਸ ਦੇ ਬਦਲੇ ਤਨਖਾਹ ਬਹੁਤ ਘੱਟ ਮਿਲਦੀ ਹੈ ਪਰ ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਇਕ ਅਜਿਹੇ ਜੌਬ ਆਫਰ ਦੀ ਚਰਚਾ ਜ਼ੋਰਾਂ ’ਤੇ ਹੈ, ਜਿਸ ਬਾਰੇ ਤੁਸੀਂ ਸੁਣੋਗੇ ਤਾਂ ਤੁਹਾਡੀਆਂ ਵਾਛਾਂ ਖਿੜ ਜਾਣਗੀਆਂ। ਦਰਅਸਲ ਇਕ ਅਰਬਪਤੀ ਪਰਿਵਾਰ ਨੂੰ ਅਜਿਹੇ ਸ਼ਖਸ ਦੀ ਭਾਲ ਹੈ, ਜੋ ਉਨ੍ਹਾਂ ਦੇ 2 ਪਾਲਤੂ ਕੁੱਤਿਆਂ ਨੂੰ ਸੰਭਾਲ ਸਕੇ। ਇਸ ਦੇ ਬਦਲੇ ਅਰਬਪਤੀ ਮੋਟੀ ਸੈਲਰੀ ਆਫਰ ਕਰ ਰਿਹਾ ਹੈ। ਮਿਰਰ ਦੀ ਰਿਪੋਰਟ ਮੁਤਾਬਕ ਲੰਡਨ ਦੇ ਨਾਈਟਸਬ੍ਰਿਜ ਵਿਚ ਰਹਿਣ ਵਾਲੇ ਇਕ ਅਰਬਪਤੀ ਪਰਿਵਾਰ ਨੇ ਇਹ ਜੌਬ ਆਫਰ ਕੀਤੀ ਹੈ। ਇਸ ਦੇ ਬਦਲੇ ਉਹ ਸਾਲਾਨਾ ਇਕ ਕਰੋੜ ਰੁਪਏ ਦੇਣ ਲਈ ਤਿਆਰ ਹੈ। ਇਹੀ ਨਹੀਂ, ਇਸ ਤੋਂ ਇਲਾਵਾ ਚੁਣੇ ਹੋਏ ਵਿਅਕਤੀ ਨੂੰ ਪੈਸਿਆਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਮਿਲਣਗੀਆਂ।

ਅਰਬਪਤੀ ਪਰਿਵਾਰ ਨੇ ਰਿਕਰੂਟਮੈਂਟ ਏਜੰਸੀ ਰਾਹੀਂ ਜੋ ਵਿਗਿਆਪਨ ਜਾਰੀ ਕੀਤਾ ਹੈ, ਉਸ ਮੁਤਾਬਕ ਉਸ ਨੂੰ ਇਕ ਅਜਿਹੇ ਸ਼ਖਸ ਦੀ ਭਾਲ ਹੈ, ਜੋ ਉਸ ਦੇ 2 ਪਿਆਰੇ ਪਾਲਤੂ ਕੁੱਤਿਆਂ ਦੇ ਨਾਲ ਫੁਲ-ਟਾਈਮ ਬਿਲਕੁਲ ਇਕ ਨੈਨੀ ਵਾਂਗ ਰਹਿ ਸਕੇ। ਇਸ ਦੌਰਾਨ ਸ਼ਖਸ ਨੂੰ ਪਾਲਤੂ ਕੁੱਤਿਆਂ ਦੀਆਂ ਸਾਰੀਆਂ ਲੋੜਾਂ ਦਾ ਖਿਆਲ ਰੱਖਣ ਦੇ ਨਾਲ ਉਨ੍ਹਾਂ ਨੂੰ ਡਾਕਟਰ ਕੋਲ ਦਿਖਾਉਣ ਦਾ ਵੀ ਕੰਮ ਕਰਨਾ ਹੋਵੇਗਾ। ਇਸ ਤੋਂ ਇਲਾਵਾ ਚੁਣੇ ਹੋਏ ਵਿਅਕਤੀ ਨੂੰ ਹਰ ਸਾਲ ਕੁਲ 42 ਛੁੱਟੀਆਂ ਮਿਲਣਗੀਆਂ। ਉਸ ਦੇ ਰਹਿਣ-ਖਾਣ ਦਾ ਇੰਤਜ਼ਾਮ ਵੀ ਅਰਬਪਤੀ ਹੀ ਕਰੇਗਾ। ਇਸ ਦੇ ਨਾਲ ਹੀ ਉਸ ਨੂੰ ਪਾਲਤੂ ਕੁੱਤਿਆਂ ਨਾਲ ਪ੍ਰਾਈਵੇਟ ਜੈੱਟ ਵਿਚ ਸਫਰ ਕਰਨ ਦਾ ਵੀ ਮੌਕਾ ਮਿਲੇਗਾ ਪਰ ਵਿਗਿਆਪਨ ਵਿਚ ਇਹ ਵੀ ਲਿਖਿਆ ਹੈ ਕਿ ਉਸ ਨੂੰ ਪਰਸਨਲ ਲਾਈਫ ਤੋਂ ਕਿਤੇ ਜ਼ਿਆਦਾ ਕੁੱਤਿਆਂ ’ਤੇ ਧਿਆਨ ਦੇਣਾ ਹੋਵੇਗਾ। ਇਕ ਕਾਲ ’ਤੇ ਹਾਜ਼ਰ ਹੋਣਾ ਜ਼ਰੂਰੀ ਸ਼ਰਤ ਹੈ।


author

cherry

Content Editor

Related News