ਹਵਾਈ ਅੱਡੇ 'ਤੇ ਭਾਈ ਬਲਦੇਵ ਸਿੰਘ ਵਡਾਲਾ ਤੇ ਜੱਥੇ ਨੂੰ ਜਾਂਚ ਲਈ ਰੋਕਿਆ, ਟਿਕਟਾਂ ਹੋਈਆਂ ਰੱਦ
Saturday, Sep 28, 2024 - 03:11 PM (IST)

ਨਿਊਯਾਰਕ (ਰਾਜ ਗੋਗਨਾ) - ਬੀਤੇਂ ਦਿਨੀਂ ਅਮਰੀਕਾ ਦੇ ਡੇਨਵਰ ਸ਼ਹਿਰ ਦੇ ਹਵਾਈ ਅੱਡੇ 'ਤੇ ਭਾਈ ਬਲਦੇਵ ਸਿੰਘ ਵਡਾਲਾ ਤੇ ਉਹਨਾਂ ਦੇ ਜਥੇ ਨੂੰ ਰੋਕਿਆ ਗਿਆ। ਉਨ੍ਹਾਂ ਦੀਆਂ ਪੱਗਾਂ ਲੁਆ ਕੇ ਚੈਕਿੰਗ ਕਰਨ ਲਈ ਆਖਿਆ ਗਿਆ, ਉਹਨਾਂ ਵੱਲੋਂ ਦਸਤਾਰਾਂ ਲੁਆ ਕੇ ਚੈਕਿੰਗ ਨਾ ਕਰਵਾਈ ਤਾਂ ਉਹਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆ ਗਈਆਂ। ਇਸ ਸਬੰਧ 'ਚ ਭਾਈ ਬਲਦੇਵ ਸਿੰਘ ਵਡਾਲਾ ਨੇ ਇਕ ਪੋਸਟ ਆਪਣੀ ਫੇਸਬੁਕ 'ਤੇ ਸਾਂਝੀ ਕੀਤੀ ਹੈ। ਇਸ 'ਤੇ ਉਹਨਾਂ ਲਿਖਿਆ ਹੈ ਕਿ ਏਅਰਪੋਰਟ ਦੇ ਅਧਿਕਾਰੀਆਂ ਨੇ ਪੱਗਾਂ ਲਾਹ ਚੈਕਿੰਗ ਕਰਵਾਉਣ ਲਈ ਆਖਿਆ ਗਿਆ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤੁਹਾਨੂੰ ਜਹਾਜ਼ ਨਹੀ ਚੜ੍ਹਨ ਦਿੱਤਾ ਜਾਵੇਗਾ। ਪਰ ਪੱਗਾਂ ਲਾਹੁਣ ਤੋਂ ਨਾਂਹ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਜਹਾਜ਼ ਤਾਂ ਕੀ ਅਸੀਂ ਪੱਗ ਦੀ ਖ਼ਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ। ਸਾਨੂੰ ਸਾਡੀ ਜਾਨ ਤੋਂ ਪਿਆਰੀ ਸਾਡੀ ਪੱਗ ਹੀ ਹੈ।
ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆ ਗਈਆਂ। ਹੁਣ ਅਮਰੀਕਾ ਦੀਆਂ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਸਲੇ 'ਤੇ ਤੁਰੰਤ ਅਮਰੀਕੀ ਸਰਕਾਰ ਨਾਲ ਸੰਪਰਕ ਕਰਕੇ ਦੋ ਟੁੱਕ ਗੱਲ ਕਰਨ। ਗੱਲ ਪੱਗ ਦੀ ਹੈ, ਸਿੱਖੀ ਹੋਂਦ ਦੀ ਹੈ,ਜੇ ਪੱਗ ਹੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਦਾ ਨਹੀ,ਫਿਰ ਕਮੀ ਕਿੱਥੇ ਹੈ ਕਸੂਰਵਾਰ ਕੌਣ ਸਰਕਾਰ,ਏਅਰਪੋਰਟ ਅਥਾਰਿਟੀ, ਜਾਂ ਸਿੱਖ ਆਗੂ ਸਿੱਖ ਜਥੇਬੰਦੀਆਂ ਜਾਂ ਗੁਰਦੁਆਰਾ ਕਮੇਟੀਆਂ। ਇਸ ਦੇ ਨਾਲ ਹੀ ਉਹਨਾਂ ਲਿਖਿਆ ਹੈ ਕਿ ਜੋ ਸਾਡੇ ਨਾਲ ਹੋਇਆ ਹੈ ਉਹ ਕੱਲ੍ਹ ਨੂੰ ਕਿਸੇ ਹੋਰ ਨਾਲ ਹੋਵੇਗਾ, ਇਹ ਜਲੀਲ ਪੁਣਾ ਹੈ। ਏਅਰਪੋਰਟ 'ਤੇ ਸਾਡੀ ਪੰਜ ਘੰਟੇ ਖੱਜਲ ਖੁਆਰੀ ਹੋਈ। ਫਲਾਈਟ ਵੀ ਛੁੱਟੀ, ਸਮਾਨ ਅਗਲੇ ਪਾਸੇ ਚਲਾ ਗਿਆ,ਪ੍ਰਵਾਰ ਵੱਲੋਂ ਉਲੀਕਿਆ ਪ੍ਰੋਗਰਾਮ ਵੀ ਰੱਦ ਹੋਇਆ ਅਤੇ ਇਸ ਦੇ ਨਾਲ ਹੀ ਸਿੱਖ ਸੰਗਤ ਵੀ ਪ੍ਰੇਸ਼ਾਨ ਹੋਈ।