ਹਾਂਗਕਾਂਗ ''ਚ ਪ੍ਰਦਰਸ਼ਨ ਕਾਰਨ ਲਗਾਤਾਰ ਦੂਸਰੇ ਦਿਨ ਠੱਪ ਰਹੀ ਹਵਾਈ ਸੇਵਾ

Wednesday, Aug 14, 2019 - 02:44 AM (IST)

ਹਾਂਗਕਾਂਗ ''ਚ ਪ੍ਰਦਰਸ਼ਨ ਕਾਰਨ ਲਗਾਤਾਰ ਦੂਸਰੇ ਦਿਨ ਠੱਪ ਰਹੀ ਹਵਾਈ ਸੇਵਾ

ਹਾਂਗਕਾਂਗ - ਹਾਂਗਕਾਂਗ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਲੋਕਤੰਤਰ ਸਮਰਥਕ ਵਿਖਾਵਾਕਾਰੀਆਂ ਦੇ ਦਾਖਲ ਹੋਣ ਕਾਰਨ ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਵੀ ਹਵਾਈ ਸੇਵਾ ਰੋਕਣੀ ਪਈ। ਹਾਂਗਕਾਂਗ ਹਵਾਈ ਅੱਡਾ ਅਥਾਰਟੀ ਵਲੋਂ ਮੰਗਲਵਾਰ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਟਰਮੀਨਲ ਭਵਨ 'ਤੇ ਵਿਖਾਵਾਕਾਰੀਆਂ ਦੇ ਦਾਖਲ ਹੋਣ ਕਾਰਣ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਦੁਪਹਿਰ 4.30 ਵਜੇ ਤੋਂ ਚੈੱਕ-ਇਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਉਡਾਣਾਂ ਦੇ ਯਾਤਰੀ ਪਹਿਲਾਂ ਹੀ ਚੈੱਕ ਇਨ ਕਰ ਚੁੱਕੇ ਹਨ, ਉਹ ਰਵਾਨਾ ਹੋਣਗੀਆਂ ਅਤੇ ਬਾਹਰ ਤੋਂ ਆਉਣ ਵਾਲੀਆਂ ਉਡਾਣਾਂ ਹਵਾਈ ਅੱਡੇ 'ਤੇ ਉਤਰ ਸਕਣਗੀਆਂ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਹਾਂਗਕਾਂਗ ਹਵਾਈ ਅੱਡੇ 'ਤੇ ਵਿਖਾਵਾਕਾਰੀਆਂ ਦੇ ਦਾਖਲ ਹੋਣ ਕਾਰਣ ਦੁਪਹਿਰ 3.30 ਵਜੇ ਤੋਂ ਚੈੱਕਇਨ ਬੰਦ ਕਰ ਦਿੱਤਾ ਗਿਆ ਸੀ। ਅੱਜ ਸਵੇਰੇ 6 ਵਜੇ ਤੋਂ ਇਕ ਵਾਰ ਫਿਰ ਯਾਤਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ ਸੀ। ਹਵਾਈ ਅੱਡਾ ਅਥਾਰਟੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਉਡਾਣ ਬਾਰੇ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਹਵਾਈ ਅੱਡੇ 'ਤੇ ਪਹੁੰਚਣ। ਐਮਨੈਸਟੀ ਇੰਟਰਨੈਸ਼ਨਲ ਨੇ ਹਿੰਸਕ ਰਣਨੀਤੀ ਅਪਣਾਉਣ ਸਬੰਧੀ ਪੁਲਸ ਦੀ ਕੀਤੀ ਨਿੰਦਾ ਹਾਂਗਕਾਂਗ ਦੇ ਵੱਕਾਰੀ ਸਮੂਹ ਐਮਨੈਸਟੀ ਇੰਟਰਨੈਸ਼ਨਲ ਹਾਂਗਕਾਂਗ ਨੇ ਹਾਲ ਹੀ 'ਚ ਇਥੇ ਹੋਈ ਰੈਲੀ ਦੌਰਾਨ ਵਿਖਾਵਾਕਾਰੀਆਂ ਨੂੰ ਖਦੇੜਨ ਲਈ ਹਿੰਸਕ ਰਣਨੀਤੀ ਅਪਣਾਉਣ ਸਬੰਧੀ ਪੁਲਸ ਦੀ ਨਿੰਦਾ ਕੀਤੀ ਹੈ।

ਹਾਂਗਕਾਂਗ 'ਚ ਵਿਵਾਦਪੂਰਨ ਬਿੱਲ ਨੂੰ 10 ਹਫਤੇ ਤੋਂ ਹੋ ਰਹੇ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਵਿਖਾਵਾਕਾਰੀਆਂ ਵਿਚਾਲੇ ਹੋਈਆਂ ਝੜਪਾਂ 'ਚ ਕਈ ਲੋਕ ਜ਼ਖਮੀ ਹੋਏ ਹਨ। ਮਨੁੱਖੀ ਅਧਿਕਾਰ ਸਮੂਹ ਦੇ ਨਿਰਦੇਸ਼ਕ ਮੈਨ ਕੇਈ ਟੈਮ ਨੇ ਕਿਹਾ ਕਿ ਹਾਂਗਕਾਂਗ ਪੁਲਸ ਨੇ ਇਕ ਵਾਰ ਫਿਰ ਇਸ ਤਰ੍ਹਾਂ ਨਾਲ ਹੰਝੂ ਗੈਸ ਦੇ ਗੋਲਿਆਂ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ ਜਿਵੇਂ ਕੌਮਾਂਤਰੀ ਮਾਣਕਾਂ ਦੀ ਕਮੀ ਹੋ ਗਈ ਹੋਵੇ। ਸੀਮਤ ਖੇਤਰ 'ਚ ਇਕੱਠੇ ਹੋਏ ਲੋਕਾਂ 'ਤੇ ਗੋਲੀਬਾਰੀ ਕਰਨ, ਉਹ ਵੀ ਅਜਿਹੇ ਸਮੇਂ ਜਦੋਂ ਉਨ੍ਹਾਂ ਕੋਲ ਪਿੱਛੇ ਹਟਣ ਦਾ ਸਮਾਂ ਘੱਟ ਹੈ, ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਹ ਭੀੜ ਨੂੰ ਖਿੰਡਾਉਣ ਦੇ ਕਥਿਤ ਉਦੇਸ਼ ਦੇ ਖਿਲਾਫ ਹੁੰਦਾ ਹੈ। ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਚਿਤਾਵਨੀ ਦਿੱਤੀ ਹੈ ਕਿ ਹਿੰਸਾ ਨਾਲ ਸ਼ਹਿਰ ਪਤਨ ਦੀ ਰਾਹ 'ਤੇ ਜਾਏਗਾ, ਜਿਥੋਂ ਵਾਪਸੀ ਸੰਭਵ ਨਹੀਂ ਹੋਵੇਗੀ। ਇਸ ਨਾਲ ਹਾਂਗਕਾਂਗ ਦਾ ਸਮਾਜ ਚਿੰਤਾਜਨਕ ਅਤੇ ਖਤਰਨਾਕ ਪੱਧਰ 'ਤੇ ਪਹੁੰਚ ਜਾਏਗਾ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫਤੇ 'ਚ ਹਾਂਗਕਾਂਗ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਅਤੇ ਖਤਰਨਾਕ ਪੱਧਰ 'ਤੇ ਪਹੁੰਚ ਗਈ ਹੈ।


author

Khushdeep Jassi

Content Editor

Related News