ਬੀ. ਸੀ. ਤੇ ਕੈਲੀਫੋਰਨੀਆ ਦੀ ਜੰਗਲੀ ਅੱਗ ਦੇ ਧੂੰਏ ਨੇ ਕੈਲਗਰੀ ਨੂੰ ਪਾਈ ਭਾਜੜ

Friday, Aug 21, 2020 - 02:34 PM (IST)

ਬੀ. ਸੀ. ਤੇ ਕੈਲੀਫੋਰਨੀਆ ਦੀ ਜੰਗਲੀ ਅੱਗ ਦੇ ਧੂੰਏ ਨੇ ਕੈਲਗਰੀ ਨੂੰ ਪਾਈ ਭਾਜੜ

ਕੈਲਗਰੀ-  ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਅਤੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਦੇ ਧੂੰਏ ਨੇ ਕੈਲਗਰੀ ਤੱਕ ਹਵਾ ਦੀ ਗੁਣਵੱਤਾ ਨੂੰ ਖ਼ਰਾਬ ਕਰ ਦਿੱਤਾ ਹੈ। ਅਜਿਹੇ ਵਿਚ ਜਿਹੜੇ ਪਹਿਲਾਂ ਤੋਂ ਫੇਫੜਿਆਂ ਤੇ ਦਿਲ ਦੇ ਮਰੀਜ਼ ਹਨ, ਉਨ੍ਹਾਂ ਨੂੰ ਘਬਰਾਹਟ ਪੈਣੀ ਸ਼ੁਰੂ ਹੋ ਗਈ ਹੈ। 

ਵਾਤਾਵਰਣ ਕੈਨੇਡਾ ਨੇ ਵੀਰਵਾਰ ਨੂੰ ਸ਼ਹਿਰ ਦੀ ਹਵਾ ਗੁਣਵੱਤਾ ਨਾਲ ਸਬੰਧਤ ਸਿਹਤ ਸੂਚਕ 4 ਦਰਜ ਕੀਤਾ, ਜਿਸ ਨੂੰ ਸਾਹ ਅਤੇ ਦਿਲ ਸਬੰਧੀ ਸਮੱਸਿਆ ਵਾਲੇ ਲੋਕਾਂ ਲਈ ਮੱਧਮ ਜੋਖਮ ਮੰਨਿਆ ਜਾਂਦਾ ਹੈ। ਹਾਲਾਂਕਿ, ਇਸ ਤਰ੍ਹਾਂ ਦੇ ਲੋਕਾਂ ਨੂੰ ਘਰੋਂ ਜ਼ਿਆਦਾ ਵਾਰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਬੇਆਰਾਮੀ ਮਹਿਸੂਸ ਹੁੰਦੀ ਹੈ ਤਾਂ ਉਸ ਦੀ ਨਿਗਰਾਨੀ ਕਰਨ। 

ਹਾਲਾਂਕਿ ਆਮ ਆਬਾਦੀ ਨੂੰ ਬਾਹਰ ਜਾਣ ਦੀ ਕੋਈ ਰੋਕ ਨਹੀਂ ਹੈ ਪਰ ਇਹ ਸਲਾਹ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਖੰਘ ਜਾਂ ਗਲੇ ਵਿਚ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਘਰ ਹੀ ਰਹਿਣ। ਟਵਿੱਟਰ 'ਤੇ ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਹਫਤੇ ਕੈਲਗਰੀ ਵਿਚ ਹਵਾ ਹੋਰ ਬਦਤਰ ਹੋ ਸਕਦੀ ਹੈ ਕਿਉਂਕਿ ਧੂੰਏ ਦਾ ਵਧਣਾ ਜਾਰੀ ਹੈ। ਹਵਾ ਦੀ ਦਿਸ਼ਾ ਦੇ ਹਿਸਾਬ ਨਾਲ ਐਡਮਿੰਟਨ ਵਿਚ ਵੀ ਧੂੰਏ ਦਾ ਪਸਾਰ ਵੱਧ ਸਕਦਾ ਹੈ ਪਰ ਮੌਜੂਦਾ ਹਾਲਾਤ 'ਤੇ ਭਵਿੱਖਬਾਣੀ ਕਰਨਾ ਮੁਸ਼ਕਲ ਹੈ। 


author

Lalita Mam

Content Editor

Related News