Ukraine ’ਚ ਫਸੇ ਭਾਰਤੀਆਂ ਲਈ ਅੱਗੇ ਆਈ Air India, 22 ਫਰਵਰੀ ਤੋਂ ਸ਼ੁਰੂ ਕਰੇਗੀ ਉਡਾਣਾਂ
Friday, Feb 18, 2022 - 08:09 PM (IST)
ਨੈਸ਼ਨਲ ਡੈਸਕ— ਰੂਸ ਵੱਲੋਂ ਮੰਡਰਾਉਂਦੇ ਖ਼ਤਰੇ ਵਿਚਾਲੇ ਯੂਕਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਨੇ ਤਿਆਰੀ ਕਰ ਲਈ ਹੈ। ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਭਾਰਤ ਅਤੇ ਯੂਕਰੇਨ ਵਿਚਾਲੇ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਏਅਰ ਲਾਈਨ ਨੇ ਕਿਹਾ ਕਿ ਇਹ ਉਡਾਣਾਂ 22, 24 ਅਤੇ 26 ਫਰਵਰੀ ਨੂੰ ਯੂਕਰੇਨ ਲਈ ਭੇਜੀਆਂ ਜਾਣਗੀਆਂ।
ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਕਰੀਬ ਇਕ ਲੱਖ ਫੌਜੀ ਤਾਇਨਾਤ
ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ’ਤੇ ਲਗਭਗ 100,000 ਸੈਨਿਕ ਤਾਇਨਾਤ ਕੀਤੇ ਹਨ ਅਤੇ ਜਲ ਸੈਨਾ ਅਭਿਆਸਾਂ ਲਈ ਕਾਲੇ ਸਾਗਰ ਵਿੱਚ ਜੰਗੀ ਬੇੜੇ ਭੇਜਣ ਤੋਂ ਇਲਾਵਾ ਯੂਕਰੇਨ ’ਤੇ ਸੰਭਾਵਿਤ ਰੂਸੀ ਹਮਲੇ ਬਾਰੇ ਨਾਟੋ ਦੇਸ਼ਾਂ ’ਚ ਚਿੰਤਾਵਾਂ ਪੈਦਾ ਕੀਤੀਆਂ ਹਨ।
ਭਾਰਤੀਆਂ ਦੀ ਮਦਦ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ
ਹਾਲਾਂਕਿ ਰੂਸ ਨੇ ਲਗਾਤਾਰ ਯੂਕਰੇਨ ’ਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਲੋੜੀਂਦੀ ਜਾਣਕਾਰੀ ਅਤੇ ਮਦਦ ਪ੍ਰਦਾਨ ਕਰਨ ਲਈ ਇਕ ਕੰਟਰੋਲ ਰੂਮ ਸਥਾਪਤ ਕੀਤਾ। ਇਸ ਤੋਂ ਇਲਾਵਾ ਯੂਕਰੇਨ ’ਚ ਭਾਰਤੀ ਦੂਤਾਵਾਸ ਨੇ ਪੂਰਬੀ ਯੂਰਪੀ ਦੇਸ਼ ’ਚ ਭਾਰਤੀਆਂ ਦੀ ਮਦਦ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਵੀ ਸਥਾਪਿਤ ਕੀਤੀ ਹੈ।
ਤਿੰਨ ਉਡਾਣਾਂ ਸੰਚਾਲਿਤ ਕਰੇਗੀ ਕੰਪਨੀ
ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਟਵਿੱਟਰ ’ਤੇ ਕਿਹਾ ਕਿ ਉਹ 22, 24, 26 ਫਰਵਰੀ ਨੂੰ ਭਾਰਤ ਅਤੇ ਯੂਕਰੇਨ ਦੇ ਬੋਰਿਸਪਿਲ ਅੰਤਰ ਰਾਸ਼ਟਰੀ ਹਵਾਈ ਅੱਡੇ ਵਿਚਕਾਰ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਕੰਪਨੀ ਨੇ ਅੱਗੇ ਲਿਖਿਆ ,‘ਏਅਰ ਇੰਡੀਆ ਦੇ ਬੁਕਿੰਗ ਦਫ਼ਤਰ, ਵੈਬਸਾਈਟ, ਕਾਲ ਸੈਂਟਰ ਅਤੇ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।