ਸ਼ਰਧਾਲੂਆਂ ਲਈ ਖੁਸ਼ਖ਼ਬਰੀ: ਏਅਰ ਇੰਡੀਆ 24 ਨਵੰਬਰ ਤੋਂ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ-ਨਾਂਦੇੜ ਸਿੱਧੀ ਉਡਾਣ

Friday, Nov 19, 2021 - 12:16 PM (IST)

ਸ਼ਰਧਾਲੂਆਂ ਲਈ ਖੁਸ਼ਖ਼ਬਰੀ: ਏਅਰ ਇੰਡੀਆ 24 ਨਵੰਬਰ ਤੋਂ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ-ਨਾਂਦੇੜ ਸਿੱਧੀ ਉਡਾਣ

ਮੈਲਬੌਰਨ(ਮਨਦੀਪ ਸਿੰਘ ਸੈਣੀ/ਸੁਰਿੰਦਰ ਪਾਲ ਸਿੰਘ ਖੁਰਦ) - ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਪੰਜ ਸਿੱਖ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੇ ਪੰਜਾਬ ਅਤੇ ਵਿਦੇਸ਼ ਵੱਸਦੇ ਹਜ਼ਾਰਾਂ ਸ਼ਰਧਾਲੂਆਂ ਲਈ ਖੁਸ਼ੀ ਦੀ ਖ਼ਬਰ ਆਈ ਹੈ। ਇਸ ਸੰਬੰਧੀ ਪ੍ਰੈਸ ਨੂੰ ਜਾਰੀ ਇਕ ਵਿਸ਼ੇਸ਼ ਬਿਆਨ ਵਿਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਏਅਰ ਇੰਡੀਆ ਅੰਮ੍ਰਿਤਸਰ-ਨਾਂਦੇੜ ਸਿੱਧੀਆਂ ਉਡਾਣਾਂ ਨੂੰ 30 ਅਕਤੂਬਰ ਤੋਂ ਮੁਅੱਤਲ ਕਰਨ ਦੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ 24 ਨਵੰਬਰ, 2021 ਤੋਂ ਇਸ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕਰ ਰਹੀ ਹੈ। ਏਅਰ ਇੰਡੀਆ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਉਪਲਬਧ ਸਮਾਂ ਸੂਚੀ ਅਨੁਸਾਰ, ਇਹ ਉਡਾਣ ਹੁਣ ਅੰਮ੍ਰਿਤਸਰ ਤੋਂ ਹਰ ਬੁੱਧਵਾਰ ਸਵੇਰੇ 10:45 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1 ਵਜੇ ਨਾਂਦੇੜ ਪਹੁੰਚੇਗੀ। ਇਸੇ ਤਰ੍ਹਾਂ ਨਾਂਦੇੜ ਤੋਂ ਪਹਿਲੀ ਉਡਾਣ 27 ਨਵੰਬਰ ਤੋਂ ਸ਼ੁਰੂ ਹੋਵੇਗੀ ‘ਤੇ ਹਰ ਸ਼ਨੀਵਾਰ ਸਵੇਰੇ 9:15 ਵਜੇ ਰਵਾਨਾ ਹੋ ਕੇ ਸਵੇਰੇ 11:30 ਵਜੇ ਅੰਮ੍ਰਿਤਸਰ ਉਤਰੇਗੀ। ਏਅਰ ਇੰਡੀਆ ਵਲੋਂ ਇਸ ਉਡਾਣ ਨਾਲ ਮੁੰਬਈ ਨੂੰ ਵੀ ਸਿੱਧਾ ਨਾਂਦੇੜ ਨਾਲ ਜੋੜ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਨਾਂਦੇੜ ਪਹੁੰਚ ਕੇ ਜਹਾਜ਼ ਫਿਰ ਮੁੰਬਈ ਲਈ ਰਵਾਨਾ ਹੋਵੇਗਾ ਅਤੇ ਇਸੇ ਤਰਾਂ ਸ਼ਨੀਵਾਰ ਨੂੰ ਮੁੰਬਈ ਤੋਂ ਨਾਂਦੇੜ ਪਹੁੰਚ ਕੇ ਫਿਰ ਅੰਮ੍ਰਿਤਸਰ ਲਈ ਉਡਾਣ ਭਰੇਗਾ।

ਇਹ ਵੀ ਪੜ੍ਹੋ : ਗੁਰਪੁਰਬ ਮੌਕੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 'ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਕੀਤਾ ਐਲਾਨ'

PunjabKesari

ਗੁਮਟਾਲਾ ਨੇ ਕਿਹਾ ਕਿ, ਏਅਰ ਇੰਡੀਆ ਨੇ ਅਕਤੂਬਰ ਮਹੀਨੇ ਵਿਚ 2021-22 ਲਈ ਆਪਣੇ ਸਰਦ ਰੁੱਤ ਦੀ ਸਮਾਂਸੂਚੀ ਵਿਚੋਂ ਇਸ ਸਿੱਧੀ ਉਡਾਣ ਦੀ ਬੁਕਿੰਗ ਨੂੰ ਮੁਅੱਤਲ ਕਰ ਦਿੱਤਾ ਸੀ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਮੀਡੀਆ ਦੇ ਧਿਆਨ ਵਿਚ ਲਿਆਂਦਾ ਅਤੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਏਅਰ ਇੰਡੀਆ ਵੱਲੋਂ ਦੋਵਾਂ ਪਵਿੱਤਰ ਸ਼ਹਿਰਾਂ ਵਿਚਕਾਰ ਇਸ ਮਹੱਤਵਪੂਰਨ ਹਵਾਈ ਸੰਪਰਕ ਨੂੰ ਜਾਰੀ ਰੱਖਿਆ ਜਾਵੇ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂਆ ਦੇ ਵਿਚ ਰੋਸ ਦੀ ਲਹਿਰ ਫੈਲ ਗਈ ਸੀ। ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਵਿਦੇਸ਼ ਤੋਂ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਸਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਗਈ ਸੀ। ਹੁਣ ਇਸ ਦੇ ਮੁੜ ਸ਼ੁਰੂ ਹੋਣ ਨਾਲ ਯਾਤਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਲਈ ਸਿਰਫ਼ 2 ਘੰਟੇ 15 ਮਿੰਟ ਵਿਚ ਪਹੁੰਚ ਸਕਣਗੇ।

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ‘ਦਿ ਗਰੇਟ ਖਲੀ’, ‘ਆਪ’ ’ਚ ਸ਼ਾਮਲ ਹੋਣ ਦੀਆਂ ਅਟਕਲਾਂ

ਗੁਮਟਾਲਾ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਇਸ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਚੰਗਾ ਹੁੰਗਾਰਾ ਮਿਲਣ 'ਤੇ ਏਅਰ ਇੰਡੀਆ ਇਸ ਉਡਾਣ ਦੇ ਸੰਚਾਲਨ ਨੂੰ ਮੁੜ ਤਿੰਨ ਦਿਨ ਕਰ ਦੇਵੇਗੀ। ਉਹਨਾਂ ਦੱਸਿਆ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਹਾਲ ਹੀ ਵਿਚ ਅੰਮ੍ਰਿਤਸਰ ਤੋਂ ਦਿੱਲੀ, ਮੁੰਬਈ ਅਤੇ ਸ਼੍ਰੀਨਗਰ ਲਈ ਗੋ ਫਸਟ ਏਅਰਲਾਈਨ ਵਲੌਂ ਰੋਜ਼ਾਨਾ 6 ਉਡਾਣਾਂ ਦੀ ਸ਼ੁਰੂਆਤ ਤੋਂ ਬਾਅਦ ਇਕ ਮੀਟਿੰਗ ਦੌਰਾਨ ਗੋ ਫਸਟ ਏਅਰਲਾਈਨ ਦੇ ਅਧਿਕਾਰੀਆਂ ਨੂੰ ਪਿਛਲੇ ਸਾਲਾਂ ਦੇ ਅੰਕੜਿਆਂ ਸਮੇਤ ਅੰਮ੍ਰਿਤਸਰ-ਨਾਂਦੇੜ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਬੇਨਤੀ ਕੀਤੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਹਵਾਈ ਅੱਡੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਬੀ.ਆਰ.ਟੀ.ਐਸ. ਮੈਟਰੋ ਬੱਸ ਸੇਵਾ ਤੁਰੰਤ ਬਹਾਲ ਕਰਨ ਅਤੇ ਹਵਾਈ ਅੱਡੇ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਦੀ ਬੱਸ ਸੇਵਾ ਨਾਲ ਜੋੜਨ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਮੈਕਸੀਕੋ ’ਚ ਪੁਲ ਨਾਲ ਲਟਕੀਆਂ ਮਿਲੀਆਂ 10 ਲੋਕਾਂ ਦੀਆਂ ਲਾਸ਼ਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News