ਏਅਰ ਕੈਨੇਡਾ ਦੀ ਗਲਤੀ ਕਾਰਨ ਪਰਿਵਾਰ ਦੀ ਖੁੰਝ ਗਈ ਫਲਾਈਟ, ਮਿਲੇਗਾ ਮੁਆਵਜ਼ਾ

02/04/2021 12:30:15 PM

ਓਟਾਵਾ- ਕੈਨੇਡਾ ਸਰਕਾਰ ਵੱਲੋਂ ਹਵਾਈ ਯਾਤਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਬਣਾਏ ਗਏ ਨਵੇਂ ਨਿਯਮਾਂ ਤਹਿਤ ਏਅਰ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਇਕ ਪਰਿਵਾਰ ਨੂੰ ਮੁਆਵਜ਼ੇ ਵਜੋਂ 3 ਹਜ਼ਾਰ ਡਾਲਰ ਦਾ ਭੁਗਤਾਨ ਕਰੇਗੀ, ਜਿਨ੍ਹਾਂ ਦੀ ਉਡਾਣ ਖੁੰਝ ਗਈ ਸੀ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਰੌਬਰਟ ਮੈਕਨਬ ਅਤੇ ਉਸ ਦੀ ਪਤਨੀ ਐਡਰਿਨ ਮੈਕਨਬ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚੇ ਸਣੇ ਜਨਵਰੀ 2020 ਨੂੰ ਯਾਤਰਾ ’ਤੇ ਜਾਣ ਲਈ ਏਅਰ ਕੈਨੇਡਾ ਦੀ ਉਡਾਣ ਦੀ ਬੁਕਿੰਗ ਕੀਤੀ ਸੀ। ਕਿਸੇ ਕਾਰਨ ਮਾਂਟਰੀਅਲ 'ਚ ਏਅਰ ਕੈਨੇਡਾ ਦੀ ਉਡਾਣ ਦੇਰੀ ਨਾਲ ਪੁੱਜੀ, ਜਿਸ ਕਾਰਨ ਪਰਿਵਾਰ ਦੀ ਅਗਲੀ ਉਡਾਣ ਨਿਕਲ ਗਈ ਤੇ ਉਨ੍ਹਾਂ ਨੂੰ ਵੈਨਕੁਵਰ ਵਿਚ ਹੀ ਰਾਤ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ। 

ਇਸ ਖੱਜਲ-ਖੁਆਰੀ ਦਾ ਮੁਆਵਜ਼ਾ ਲੈਣ ਲਈ ਉਨ੍ਹਾਂ ਨੇ ਹਵਾਈ ਕੰਪਨੀ ਤੱਕ ਪਹੁੰਚ ਕੀਤੀ ਪਰ ਕੰਪਨੀ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਉਨ੍ਹਾਂ ਨੇ ਬੀ.ਸੀ. ਦੀ ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ, ਜਿੱਥੇ ਉਨ੍ਹਾਂ ਨੂੰ ਸਫ਼ਲਤਾ ਮਿਲੀ। ਹੁਣ ਸਿਵਲ ਰੈਜ਼ੋਲਿਊਸ਼ਨ ਟ੍ਰਿਬਿਊਨਲ ਨੇ ਏਅਰ ਕੈਨੇਡਾ ਨੂੰ ਕਿਹਾ ਹੈ ਕਿ ਉਹ ਇਸ ਪਰਿਵਾਰ ਨੂੰ ਮੁਆਵਜ਼ੇ ਵਜੋਂ 3 ਹਜ਼ਾਰ ਡਾਲਰ ਦਾ ਭੁਗਤਾਨ ਕਰੇ। 

ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੁਲੇਸ਼ਨ ਦੀ ਵੈੱਬਸਾਈਟ ਮੁਤਾਬਕ ਜਦੋਂ ਕਿਸੇ ਉਡਾਣ ਵਿਚ ਦੇਰੀ ਹੋ ਜਾਵੇ ਜਾਂ ਉਹ ਰੱਦ ਹੋ ਜਾਵੇ ਤਾਂ ਹਵਾਈ ਕੰਪਨੀ ਵੱਲੋਂ ਆਪਣੇ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਅਤੇ ਖੱਜਲ-ਖੁਆਰੀ ਲਈ ਮੁਆਵਜ਼ਾ ਦੇਣ ਦੀ ਵੀ ਤਜਵੀਜ਼ ਹੈ। ਜ਼ਿਕਰਯੋਗ ਹੈ ਕਿ ਪਰਿਵਾਰ ਇਸ ਫ਼ੈਸਲੇ ਨਾਲ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਦੀ ਫਲਾਈਟ ਲੇਟ ਹੋਣ ਕਾਰਨ ਉਹ ਘੁੰਮਣ ਨਹੀਂ ਜਾ ਸਕੇ ਪਰ ਖੁਸ਼ ਹਨ ਕਿ ਉਨ੍ਹਾਂ ਨੂੰ ਇਨਸਾਫ ਮਿਲਿਆ। 
 


Lalita Mam

Content Editor

Related News