'AIR ਕੈਨੇਡਾ' ਨੇ 10 ਅਪ੍ਰੈਲ ਤੱਕ ਲਈ ਫਲਾਈਟ ਸਰਵਿਸ ਕੀਤੀ ਰੱਦ

02/26/2020 9:49:00 AM

ਓਟਾਵਾ— ਕੋਰੋਨਾ ਵਾਇਰਸ ਕਾਰਨ ਚੀਨ ’ਚ ਲਗਾਤਾਰ ਵੱਧ ਰਹੀ ਮੌਤਾਂ ਦੀ ਗਿਣਤੀ ਅਤੇ ਇਸ ਤੋਂ ਬਾਹਰ ਹੋਰ ਮੁਲਕਾਂ ’ਚ ਵੀ ਇਸ ਦੇ ਤੇਜ਼ੀ ਨਾਲ ਹੋ ਰਹੇ ਪਸਾਰ ਨੂੰ ਦੇਖਦੇ ਹੋਏ ‘ਏਅਰ ਕੈਨੇਡਾ’ ਨੇ ਚੀਨ ਨੂੰ 10 ਅਪ੍ਰੈਲ ਤੱਕ ਲਈ ਫਲਾਈਟਸ ਸਰਵਿਸ ਮੁਲਤਵੀ ਕਰ ਦਿੱਤੀ ਹੈ।

ਕੈਨੇਡਾ ਦੀ ਸਭ ਤੋਂ ਵੱਡੀ ਘਰੇਲੂ ਅਤੇ ਅੰਤਰਰਾਸ਼ਟਰੀ ਏਅਰਲਾਈਨ ਨੇ ਐਲਾਨ ਕੀਤਾ ਕਿ ਬੀਜਿੰਗ ਅਤੇ ਸ਼ੰਘਾਈ ਦੀ ਫਲਾਈਟਸ ਸਰਵਿਸ 10 ਅਪ੍ਰੈਲ ਤੱਕ ਲਈ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 29 ਫਰਵਰੀ ਤੱਕ ਲਈ ਉਡਾਣਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਸੀ।
‘ਏਅਰ ਕੈਨੇਡਾ’ ਆਮ ਤੌਰ ’ਤੇ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਤੋਂ ਬੀਜਿੰਗ ਤੇ ਸ਼ੰਘਾਈ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ। ਉੱਥੇ ਹੀ, ਮੰਗ ਘੱਟ ਹੋਣ ਕਾਰਨ ਕੰਪਨੀ ਨੇ ਟੋਰਾਂਟੋ-ਹਾਂਗਕਾਂਗ ਦੀਆਂ ਰੋਜ਼ਾਨਾ ਉਡਾਣਾਂ ਨੂੰ ਵੀ 30 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 2,715 ਹੋ ਗਈ ਹੈ। ਇਸ ਤੋਂ ਇਲਾਵਾ ਸੰਕਰਮਣ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 406 ਵੱਧ ਕੇ 78,064 ’ਤੇ ਪਹੁੰਚ ਗਈ ਹੈ। ਦੱਖਣੀ ਕੋਰੀਆ ’ਚ ਮੌਤਾਂ ਦੀ ਗਿਣਤੀ 11 ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਾਮਲੇ 169 ਹੋ ਗਏ ਹਨ। ਉੱਥੇ ਹੀ, ਚੀਨ ਤੋਂ ਬਾਹਰ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਦੀ ਗਿਣਤੀ ਦੇ ਮਾਮਲੇ ’ਚ ਹੁਣ ਈਰਾਨ ਦੂਜੇ ਨੰਬਰ ’ਤੇ ਹੈ। ਈਰਾਨ ’ਚ 15 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ।


Related News