ਬ੍ਰਾਜ਼ੀਲ ਦੇ ਰਾਸ਼ਟਰਪਤੀ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
Friday, Jul 31, 2020 - 02:49 AM (IST)
ਬ੍ਰਾਜ਼ੀਲੀਆ - ਵੀਰਵਾਰ ਨੂੰ ਬ੍ਰਾਜ਼ੀਲ ਦੀ ਮੰਨੀ-ਪ੍ਰਮੰਨੀ ਵੈੱਬਸਾਈਟ ਜੀ1 ਨੇ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੀ ਪਤਨੀ ਮਿਸ਼ੇਲ ਬੋਲਸੋਨਾਰੋ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬੋਲਸੋਨਾਰੋ ਖੁਦ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਲਾਜ ਤੋਂ ਬਾਅਦ ਹੁਣ ਉਹ ਠੀਕ ਹੋ ਚੁੱਕੇ ਹਨ। 25 ਜੁਲਾਈ ਨੂੰ ਉਨ੍ਹਾਂ ਨੇ ਦੱਸਿਆ ਸੀ ਕਿ ਉਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਅਤੇ ਉਨ੍ਹਾਂ ਨੂੰ ਹੁਣ ਕੋਰੋਨਾ ਨਹੀਂ ਹੈ। ਰਾਸ਼ਟਰਪਤੀ ਦਫਤਰ ਪਲਾਨਾਲਟੋ ਪੈਲੇਸ ਮੁਤਾਬਕ ਮਿਸ਼ੇਲ ਬੋਲਸੋਨਾਰੋ ਦੀ ਸਿਹਤ ਹੁਣ ਠੀਕ ਹੈ ਅਤੇ ਕੋਰੋਨਾ ਨਾਲ ਜੁੜੇ ਸਾਰੇ ਨਿਯਮਾਂ ਦਾ ਉਹ ਪਾਲਣ ਕਰੇਗੀ।
ਇਸ ਤੋਂ ਇਲਾਵਾ ਵੈੱਬਸਾਈਟ 'ਤੇ ਛਪੀ ਇਕ ਹੋਰ ਖਬਰ ਮੁਤਾਬਕ ਬ੍ਰਾਜ਼ੀਲ ਦੇ ਸਾਇੰਸ ਤਕਨਾਲੋਜੀ ਅਤੇ ਇਨੋਵੇਸ਼ਨ ਮੰਤਰੀ ਮਾਰਕੋਸ ਪੋਂਟੇਸ ਨੇ 27 ਜੁਲਾਈ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਪੋਂਟੇਸ ਬੋਲਸੋਨਾਰੋ ਕੈਬਨਿਟ ਦੇ 5ਵੇਂ ਮੰਤਰੀ ਹਨ ਜੋ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਤੋਂ ਪਹਿਲਾਂ ਐਜੂਕੇਸ਼ਨ ਮੰਤਰੀ, ਸਿਟੀਜ਼ਨਰੀ ਮੰਤਰੀ, ਇੰਸਟੀਟਿਊਸ਼ਨਲ ਸਕਿਓਰਿਟੀ ਮੰਤਰੀ ਅਤੇ ਮਾਇੰਸ ਐਂਡ ਐਨਰਜੀ ਮੰਤਰੀ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਉਥੇ ਹੀ ਬ੍ਰਾਜ਼ੀਲ ਕੋਰੋਨਾ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ ਜਿਸ ਨਾਲ ਇਥੇ ਕੋਰੋਨਾ ਮਾਮਲਿਆਂ ਦੀ ਗਿਣਤੀ 2,566,765 ਹੋ ਗਈ ਹੈ, ਜਿਨ੍ਹਾਂ ਵਿਚੋਂ 1,787,419 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 90,383 ਲੋਕਾਂ ਦੀ ਮੌਤ ਹੋ ਚੁੱਕੀ ਹੈ।