ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਨੇ ਅਮਰੀਕਾ ਨੂੰ ਕੀਤੀ ਇਹ ਅਪੀਲ
Wednesday, Nov 17, 2021 - 05:51 PM (IST)
 
            
            ਕਾਬੁਲ (ਏ.ਐਨ.ਆਈ.): ਅਫਗਾਨਿਸਤਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੁਸ਼ਕਲ ਦੀ ਇਸ ਘੜੀ ਵਿੱਚ ਅਫਗਾਨਿਸਤਾਨ ਸਰਕਾਰ ਨੇ ਅਮਰੀਕਾ ਤੋਂ ਮਦਦ ਮੰਗੀ ਹੈ। ਅਸਲ ਵਿਚ ਅਮਰੀਕਾ ਨੂੰ ਅਫਗਾਨਿਸਤਾਨ ਸੈਂਟਰਲ ਬੈਂਕ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਨੂੰ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ। ਅਮਰੀਕਾ ਨੂੰ ਭੇਜੇ ਇਕ ਪੱਤਰ ਵਿਚ ਅਫਗਾਨਿਸਤਾਨ ਸਰਕਾਰ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਸਤਾਕ ਨੇ ਕਿਹਾ ਕਿ ਦੋਹਾ ਸਮਝੌਤੇ ਮੁਤਾਬਕ ਅਮਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਕੋਈ ਫ਼ੌਜੀ ਸੰਘਰਸ਼ ਨਹੀਂ ਹੈ। ਟੋਲੋ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਦੇ ਨਾਲ ਹੀ ਅਫਗਾਨਿਸਤਾਨ ਵੱਲੋਂ ਪੱਤਰ 'ਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿੱਥੇ ਇਕ ਪਾਸੇ ਅਫਗਾਨਿਸਤਾਨ 'ਚ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਅਮਰੀਕਾ ਨੇ ਅਫਗਾਨਿਸਤਾਨ ਦੇ ਚਾਰ ਬੈਂਕਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਹਾ ਸਮਝੌਤੇ ਤੋਂ ਬਾਅਦ ਸਾਨੂੰ ਅਜਿਹੀ ਕਾਰਵਾਈ ਦੀ ਉਮੀਦ ਨਹੀਂ ਸੀ। ਟੋਲੋ ਨਿਊਜ਼ ਨੇ ਅੱਗੇ ਦੱਸਿਆ ਕਿ ਪੱਤਰ ਵਿੱਚ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ਇੱਕ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ 'ਚ ਲੋਕਾਂ ਦੀ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਅਮਰੀਕਾ ਨੂੰ ਅਪੀਲ ਹੈ ਕਿ ਉਹ ਹਰ ਤਰ੍ਹਾਂ ਦੀ ਬੈਂਕ ਜਾਇਦਾਦ ਜਾਰੀ ਕਰ ਦੇਵੇ।
ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ 'ਚ ਬੋਲਿਆ ਭਾਰਤ, ਕਿਹਾ- ਪਾਕਿ 'ਚ ਅੱਤਵਾਦੀਆਂ ਨੂੰ 'ਮੁਫ਼ਤ ਪਾਸ' ਦਾ ਆਨੰਦ ਮਿਲਦਾ ਹੈ
ਦੂਜੇ ਪਾਸੇ ਅਫਗਾਨਿਸਤਾਨ ਲਈ ਅਮਰੀਕਾ ਦੇ ਨਵ-ਨਿਯੁਕਤ ਵਿਸ਼ੇਸ਼ ਪ੍ਰਤੀਨਿਧੀ ਥਾਮਸ ਵੈਸਟ ਨੇ ਮੰਗਲਵਾਰ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਅਫਗਾਨਿਸਤਾਨ ਦੇ ਤਾਜ਼ਾ ਘਟਨਾਕ੍ਰਮ 'ਤੇ ਮੁੱਖ ਤੌਰ 'ਤੇ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਅਫਗਾਨਿਸਤਾਨ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਆਵਾਜਾਈ, ਮਾਨਵਤਾਵਾਦੀ ਸਹਾਇਤਾ ਲਈ ਵਿਸ਼ਵ ਪੱਧਰ 'ਤੇ ਯਤਨਾਂ ਨੂੰ ਤਾਲਮੇਲ ਕਰਨ ਦੇ ਤਰੀਕੇ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਹੋਈ।ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਭਾਰਤ ਦੀ ਮੇਜ਼ਬਾਨੀ ਵਿੱਚ ਅਫਗਾਨਿਸਤਾਨ ਬਾਰੇ ਖੇਤਰੀ ਕਾਨਫਰੰਸ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦੇ ਵੀ ਉਠੇ।

ਸੂਤਰ ਨੇ ਕਿਹਾ,"ਗੱਲਬਾਤ ਅਫਗਾਨਿਸਤਾਨ ਦੇ ਤਾਜ਼ਾ ਘਟਨਾਕ੍ਰਮ 'ਤੇ ਕੇਂਦਰਿਤ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,"ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਅਫਗਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਥਾਮਸ ਵੈਸਟ ਨਾਲ ਮੁਲਾਕਾਤ ਕੀਤੀ ਅਤੇ ਅਫਗਾਨਿਸਤਾਨ ਵਿੱਚ ਹਾਲੀਆ ਘਟਨਾਵਾਂ ਅਤੇ ਸਾਂਝੇ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।''

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            