ਅਫਗਾਨਿਸਤਾਨ ਸੁਰੱਖਿਆ ਫ਼ੋਰਸਾਂ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਉਤਾਰਿਆ ਮੌਤ ਦੇ ਘਾਟ, 97 ਜ਼ਖ਼ਮੀ
Tuesday, Aug 03, 2021 - 11:51 AM (IST)
ਇੰਟਰਨੈਸ਼ਨਲ ਡੈਸਕ: ਅਫਗਾਨਿਸਤਾਨ ਵਿਚ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਫ਼ੋਰਸਾਂ (ਏ.ਐੱਨ.ਡੀ.ਐੱਸ.ਐੱਫ.) ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਚਲਾਈ ਗਈ ਮੁਹਿੰਮ ਵਿਚ 250 ਤੋਂ ਵੱਧ ਤਾਲਿਬਾਨ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਹਮਲਿਆਂ 'ਚ 90 ਤੋਂ ਜ਼ਿਆਦਾ ਅੱਤਵਾਦੀ ਜ਼ਖ਼ਮੀ ਹੋਏ ਹਨ। ਐਤਵਾਰ ਨੂੰ ਅਫਗਾਨ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਅਫਗਾਨ ਸੁਰੱਖਿਆ ਫ਼ੋਰਸਾਂ ਨੇ ਗਜਨੀ, ਕੰਧਾਰ, ਹੇਰਾਤ, ਫਰਾਹ, ਜੋਜ਼ਾਨ, ਬਲਖ, ਸਮਾਂਗਨ, ਹੇਲਮੰਦ, ਤਖਰ, ਕੁੰਦੁਜ਼, ਬਗਲਾਨ, ਕਾਬੁਲ ਅਤੇ ਕਪਿਸਾ ਸੂਬਿਆਂ ਵਿਚ ਤਾਲਿਬਾਨ ਅੱਤਵਾਦੀਆਂ ਵਿਰੁੱਧ ਕਾਰਵਾਈਆਂ ਅਤੇ ਜਵਾਬੀ ਹਮਲੇ ਸ਼ੁਰੂ ਕੀਤੇ ਸਨ, ਜਿਸ ਵਿਚ 254 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 97 ਮਾਰੇ ਗਏ।
ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਟਵੀਟ ਕੀਤਾ, "ਪਿਛਲੇ 24 ਘੰਟਿਆਂ ਦੌਰਾਨ ਗਜਨੀ, ਕੰਧਾਰ, ਹੇਰਾਤ, ਫਰਾਹ, ਜੋਜ਼ਾਨ, ਬਲਖ, ਸਮਾਂਗਨ, ਹੇਲਮੰਦ, ਤਖਰ, ਕੁੰਦੁਜ਼, ਬਗਲਾਨ, ਕਾਬੁਲ ਅਤੇ ਕਪਿਸਾ ਸੂਬਿਆਂ ਵਿਚ ਏ.ਐੱਨ.ਡੀ.ਐੱਸ.ਐੱਫ. ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ 254 ਤਾਲਿਬਾਨੀ ਅੱਤਵਾਦੀ ਮਾਰੇ ਗਏ ਅਤੇ 97 ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ, #ANA ਵੱਲੋਂ 13 ਆਈ.ਈ.ਡੀ. ਲੱਭੇ ਗਏ ਸਨ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।" ਪਿਛਲੇ ਕੁਝ ਹਫਤਿਆਂ ਵਿਚ, ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ, ਜਿਸ ਵਿਚ ਦੇਸ਼ ਦਾ ਉੱਤਰੀ-ਪੂਰਬੀ ਸੂਬਾ ਤਖਰ ਵੀ ਸ਼ਾਮਲ ਹਨ। ਅਫਗਾਨ ਵਿਦੇਸ਼ ਮੰਤਰਾਲਾ ਅਨੁਸਾਰ ਤਾਲਿਬਾਨ ਨੇ 193 ਜ਼ਿਲ੍ਹਾ ਕੇਂਦਰਾਂ ਅਤੇ 19 ਸਰਹੱਦੀ ਜ਼ਿਲ੍ਹਿਆਂ 'ਤੇ ਕਬਜ਼ਾ ਕਰ ਲਿਆ ਹੈ।
ਤਾਲਿਬਾਨ ਨੇ ਦੇਸ਼ ਭਰ ਵਿਚ 10 ਸਰਹੱਦੀ ਕ੍ਰਾਸਿੰਗ ਪੁਆਇੰਟਾਂ ਦਾ ਕੰਟਰੋਲ ਵੀ ਲੈ ਲਿਆ, ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਸਰਹੱਦ ਪਾਰ ਤੋਂ ਆਵਾਜਾਈ ਅਤੇ ਵਪਾਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੰਤਰਾਲਾ ਨੇ ਅੱਗੇ ਦੱਸਿਆ ਕਿ 14 ਅਪ੍ਰੈਲ ਤੋਂ ਬਾਅਦ 4,000 ਏ.ਐੱਨ.ਡੀ.ਐੱਸ.ਐੱਫ. ਕਰਮਚਾਰੀ ਮਾਰੇ ਗਏ ਹਨ, 7,000 ਤੋਂ ਵੱਧ ਜ਼ਖ਼ਮੀ ਹੋਏ ਹਨ ਅਤੇ ਤਕਰੀਬਨ 1,600 ਤਾਲਿਬਾਨ ਦੇ ਕਬਜ਼ੇ ਵਿਚ ਹਨ। ਹਿੰਸਾ ਵਿਚ ਔਰਤਾਂ ਅਤੇ ਬੱਚਿਆਂ ਸਮੇਤ 2,000 ਤੋਂ ਵੱਧ ਨਾਗਰਿਕ ਮਾਰੇ ਗਏ, ਜਦੋਂ ਕਿ 2,200 ਜ਼ਖ਼ਮੀ ਹੋਏ।