ਅਫ਼ਗਾਨਿਸਤਾਨ: ਅਮੀਰ ਕਰਨ ਦਾ ਲਾਲਚ ਦੇ ਕੇ ਵੇਚੀਆਂ 130 ਜਨਾਨੀਆਂ, ਪੁਲਸ ਹੱਥੇ ਚੜ੍ਹਿਆ ਤਾਂ ਹੋਏ ਵੱਡੇ ਖ਼ੁਲਾਸੇ
Wednesday, Nov 17, 2021 - 05:08 PM (IST)
ਕਾਬੁਲ - ਅਫ਼ਗਾਨਿਸਤਾਨ 'ਚ ਜਨਾਨੀਆਂ ਦੀ ਹਾਲਤ ਬਦ ਨਾਲੋਂ ਬਦਤਰ ਹੋ ਚੁੱਕੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਤਾਲੀਬਾਨ ਨੇ ਉੱਤਰੀ ਅਫ਼ਗਾਨਿਸਤਾਨ 'ਚ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ 'ਤੇ 130 ਜਨਾਨੀਆਂ ਨੂੰ ਵੇਚਣ ਦਾ ਦੋਸ਼ ਲੱਗਾ ਹੋਇਆ ਹੈ। ਤਾਲਿਬਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਵਿਅਕਤੀ ਗਰੀਬ ਜਨਾਨੀਆਂ ਨੂੰ ਅਮੀਰ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਲਾਲਚ ਦਿੰਦਾ ਸੀ।
ਤਾਲਿਬਾਨ ਦੇ ਸੂਬਾਈ ਪੁਲਿਸ ਮੁਖੀ ਦਾਮੁੱਲਾ ਸੇਰਾਜ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਨੂੰ ਉੱਤਰੀ ਜੌਜ਼ਜਾਨ ਸੂਬੇ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ, 'ਅਸੀਂ ਅਜੇ ਆਪਣੀ ਜਾਂਚ ਦੇ ਸ਼ੁਰੂਆਤੀ ਪੜਾਅ 'ਚ ਹਾਂ। ਸਾਨੂੰ ਬਾਅਦ ਵਿੱਚ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ।'' ਇਸ ਦੇ ਨਾਲ ਹੀ ਜੌਜਨ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਦਾਰ ਮੁਬਾਰਿਜ਼ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਮੁਲਜ਼ਮ ਗਰੀਬ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਸਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਗਰੀਬੀ ਤੋਂ ਬਾਹਰ ਕੱਢੇਗਾ।
ਇਹ ਵੀ ਪੜ੍ਹੋ : ਰੂਸ ਵਲੋਂ ਸੈਟੇਲਾਈਟ ਉਡਾਉਣ 'ਤੇ ਅਮਰੀਕਾ ਨੇ ਪ੍ਰਗਟਾਇਆ ਇਤਰਾਜ਼, ਪੁਲਾੜ ਸਟੇਸ਼ਨ ਲਈ ਬਣਿਆ ਵੱਡਾ ਖ਼ਤਰਾ
ਦੂਜੇ ਸੂਬਿਆਂ ਵਿਚ ਵੇਚੀਆਂ ਗਈਆਂ ਜਨਾਨੀਆਂ
ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਜਨਾਨੀਆਂ ਨੂੰ ਕਹਿੰਦਾ ਸੀ ਉਹ ਉਨ੍ਹਾਂ ਦਾ ਵਿਆਹ ਅਮੀਰ ਆਦਮੀ ਨਾਲ ਕਰਵਾ ਦੇਵੇਗਾ। ਫਿਰ ਇਸ ਤੋਂ ਬਾਅਦ ਜਨਾਨੀਆਂ ਨੂੰ ਦੂਜੇ ਸੂਬਿਆਂ ਵਿਚ ਲੈ ਜਾ ਕੇ ਵੇਚ ਦਿੱਤਾ ਜਾਂਦਾ ਸੀ। ਉਹ ਹੁਣ ਤੱਕ 130 ਦੇ ਕਰੀਬ ਔਰਤਾਂ ਦੀ ਇਸ ਤਰ੍ਹਾਂ ਤਸਕਰੀ ਕਰ ਚੁੱਕਾ ਹੈ। ਅਫਗਾਨਿਸਤਾਨ ਵਿੱਚ ਅਪਰਾਧ, ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ, ਪਰ ਵਧਦੀ ਗਰੀਬੀ ਤਾਲਿਬਾਨ ਸਰਕਾਰ ਦੀ ਮਾਨਤਾ ਦੀ ਮੰਗ ਨੂੰ ਕਮਜ਼ੋਰ ਕਰ ਰਹੀ ਹੈ। ਤਿੰਨ ਮਹੀਨੇ ਪਹਿਲਾਂ ਸੱਤਾ ਵਿੱਚ ਵਾਪਸੀ ਤੋਂ ਬਾਅਦ, ਤਾਲਿਬਾਨ ਵੱਡੇ ਸ਼ਹਿਰਾਂ ਵਿੱਚ ਲੁੱਟਾਂ-ਖੋਹਾਂ ਅਤੇ ਅਗਵਾ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬੁੱਢਾ ਹੋਇਆ ਚੀਨ! 'ਵਿਆਹ' ਬਣਿਆ ਵੱਡੀ ਚੁਣੌਤੀ, ਬੱਚੇ ਪੈਦਾ ਕਰਨ ਦੀ ਪਾਲਸੀ ਅਸਫਲ
ਪਾਸਪੋਰਟ ਦਫ਼ਤਰ ਬੰਦ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤਾਲਿਬਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਾਸਪੋਰਟ ਵਿਭਾਗ ਦੇ ਮੈਂਬਰਾਂ ਸਮੇਤ 60 ਲੋਕਾਂ ਨੂੰ ਪਾਸਪੋਰਟ (ਅਫਗਾਨਿਸਤਾਨ ਪਾਸਪੋਰਟ) ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਉਹ ਇਸ ਕਾਰਨ ਕਾਬੁਲ ਵਿੱਚ ਪਾਸਪੋਰਟ ਦਫ਼ਤਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਰਿਹਾ ਹੈ। ਇਸ ਨੂੰ ਦੁਬਾਰਾ ਕਦੋਂ ਖੋਲ੍ਹਿਆ ਜਾਵੇਗਾ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਤਾਲਿਬਾਨ ਨੇ ਇਸ ਤੋਂ ਪਹਿਲਾਂ ਸੱਤ ਸੂਬਿਆਂ ਵਿਚ ਪਾਸਪੋਰਟ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਗੁਪਤ ਰਿਪੋਰਟ 'ਚ ਵੱਡਾ ਖੁਲਾਸਾ : ਅਮਰੀਕੀ ਮਦਦ ਦੇ ਖਿਲਾਫ ਨੇਪਾਲ 'ਚ ਪ੍ਰਚਾਰ ਕਰ ਰਹੇ ਚੀਨੀ ਜਾਸੂਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।