ਅਫਗਾਨਿਸਤਾਨ: ਤਾਲਿਬਾਨ ਨੇ ਸ਼ੁਰੂ ਕੀਤੀ ਹਕੂਮਤ, ਹੁਣ ਇਕੱਲੀਆਂ ਬਾਹਰ ਨਹੀਂ ਜਾ ਸਕਣਗੀਆਂ ਔਰਤਾਂ

Sunday, Jul 11, 2021 - 05:45 PM (IST)

ਅਫਗਾਨਿਸਤਾਨ: ਤਾਲਿਬਾਨ ਨੇ ਸ਼ੁਰੂ ਕੀਤੀ ਹਕੂਮਤ, ਹੁਣ ਇਕੱਲੀਆਂ ਬਾਹਰ ਨਹੀਂ ਜਾ ਸਕਣਗੀਆਂ ਔਰਤਾਂ

ਬਲਖ- ਅਫਗਾਨਿਸਤਾਨ ਵਿਚ ਪਿਛਲੇ 20 ਸਾਲਾਂ ਤੋਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤੇ ਜਾਣ ਦੀ ਜੋ ਮੁਹਿੰਮ ਚਲ ਰਹੀ ਸੀ, ਉਹ ਰੁੱਕ ਗਈ ਹੈ। ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਇਕ ਵਾਰ ਫਿਰ 2001 ਤੋਂ ਪਹਿਲਾਂ ਵਾਂਗ ਸ਼ਰੀਆ ਕਾਨੂੰਨ ਲਾਗੂ ਹੋਣਾ ਸ਼ੁਰੂ ਹੋ ਗਿਆ ਹੈ। ਤਾਲਿਬਾਨ ਨੇ ਪਰਚੇ ਵੰਡ ਕੇ ਔਰਤਾਂ ’ਤੇ ਸਾਰੀਆਂ ਪਾਬੰਦੀਆਂ ਲਗਾਉਣ ਦਾ ਫਰਮਾਨ ਜਾਰੀ ਕੀਤਾ ਹੈ। ਇਸਦੀ ਸ਼ੁਰੂਆਤ ਬਲਖ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹੋ ਗਈ ਹੈ।

ਵਾਇਸ ਆਫ ਅਮਰੀਕਾ (ਵੀ. ਓ. ਏ.) ਮੁਤਾਬਕ ਤਾਲਿਬਾਨ ਦੇ ਦੁਬਾਰਾ ਜ਼ਿਲ੍ਹਿਆਂ ’ਤੇ ਕਬਜ਼ਾ ਕਰਨ ਦੌਰਾਨ ਇਹ ਉਮੀਦ ਸੀ ਕਿ ਉਹ ਆਪਣੇ ਤੌਰ-ਤਰੀਕੇ ਵਿਚ ਬਦਲਾਅ ਲਿਆਉਣਗੇ। ਅਜਿਹਾ ਨਹੀਂ ਹੋਇਆ ਹੈ। ਬਲਖ ਸੂਬੇ ਦੇ ਕਈ ਜ਼ਿਲਿਆਂ ਵਿਚ ਕਬਜ਼ੇ ਤੋਂ ਬਾਅਦ ਇਥੇ ਸ਼ਰੀਆ ਕਾਨੂੰਨ ਦੇ ਤਹਿਤ ਪਹਿਲਾਂ ਤੋਂ ਵੀ ਜ਼ਿਆਦਾ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਵੀ. ਓ. ਏ. ਮੁਤਾਬਕ ਬਲਖ ਵਿਚ ਮਜ਼ਾਰ-ਏ-ਸ਼ਰੀਫ ਤੋਂ 20 ਕਿਲੋਮੀਟਰ ਦੂਰ ਇਕ ਜ਼ਿਲੇ ਵਿਚ ਤਾਲਿਬਾਨ ਨੇ ਇਸ ਸਬੰਧੀ ਪਰਚੇ ਵੀ ਵੰਡੇ ਹਨ।

ਬਲਖ ਦੀ ਰਹਿਣ ਵਾਲੀ 34 ਸਾਲਾ ਨਾਹਿਦਾ ਨੇ ਦੱਸਿਆ ਕਿ ਹੁਣ ਔਰਤਾਂ ਦਾ ਹਿਜਾਬ ਜ਼ਰੂਰੀ ਹੋਵੇਗਾ। ਉਹ ਘਰ ਤੋਂ ਬਾਹਰ ਬਿਨਾਂ ਮਰਦ ਸਾਥੀ ਦੇ ਨਹੀਂ ਨਿਕਲ ਸਕਣਗੀਆਂ। ਅਫਗਾਨ ਮਰਦ ਵੀ ਹੁਣ ਆਪਣੀ ਦਾੜ੍ਹੀ ਨਹੀਂ ਕੱਟ ਸਕਣਗੇ। ਨਾਹਿਦਾ ਨੇ ਦੱਸਿਆ ਕਿ ਹੁਣ ਅਜਿਹੀਆਂ ਔਰਤਾਂ ਨੂੰ ਮੁਸ਼ਕਲਾਂ ਹੋਣ ਵਾਲੀਆਂ ਹਨ, ਜੋ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਬਾਹਰ ਜਾ ਕੇ ਕੰਮ ਕਰਦੀਆਂ ਸਨ। ਅਫਗਾਨ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ ਵਿਚ 300 ਤੋਂ ਜ਼ਿਆਦਾ ਔਰਤਾਂ ਅਫਗਾਨਿਸਤਾਨ ’ਚ ਸਿਵਲ ਸਰਵੈਂਟ ਹਨ। ਜੇਕਰ ਤਾਲਿਬਾਨ ਸੱਤਾ ’ਚ ਸਾਂਝੇਦਾਰ ਹੋਇਆ ਤਾਂ ਇਨ੍ਹਾਂ ਔਰਤਾਂ ਦੀ ਸਥਿਤੀ ਕੀ ਹੋਵੇਗੀ?

109 ਤਾਲਿਬਾਨੀ ਅੱਤਵਾਦੀ ਢੇਰ, 25 ਜ਼ਖਮੀ
ਅਫਗਾਨਿਸਤਾਨ ਵਿਚ ਸੰਘਰਸ਼ ਦੌਰਾਨ 109 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਅਤੇ 25 ਜ਼ਖਮੀ ਹੋਏ ਹਨ। ਇਸ ਵਿਚ ਕੰਧਾਰ ਵਿਚ ਸੁਰੱਖਿਆ ਫੋਰਸਾਂ ਦੀ ਕਾਰਵਾਈ ਵਿਚ 70 ਤੇ ਹੇਲਮੰਦ ਵਿਚ 39 ਅੱਤਵਾਦੀ ਢੇਰ ਹੋ ਗਏ। ਸੰਘਰਸ਼ ਦੌਰਾਨ ਸੁਰੱਖਿਆ ਫੋਰਸ ਹਵਾਈ ਅਤੇ ਜ਼ਮੀਨੀ ਫੌਜ ਦਾ ਸੰਯੁਕਤ ਆਪ੍ਰੇਸ਼ਨ ਚਲਾ ਰਹੀ ਹੈ।


author

Tanu

Content Editor

Related News