ਤਾਲਿਬਾਨ ਕਮਾਂਡਰ ਦੀ ਧਮਕੀ ਦੇ ਬਾਅਦ ਬੰਦ ਹੋਇਆ ਰੇਡੀਓ ਸਟੇਸ਼ਨ

07/15/2019 5:20:43 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਵਿਚ ਇਕ ਤਾਲਿਬਾਨ ਕਮਾਂਡਰ ਦੀਆਂ ਧਮਕੀਆਂ ਕਾਰਨ ਇੱਥੇ ਇਕ ਨਿੱਜੀ ਰੇਡੀਓ ਸਟੇਸ਼ਨ ਬੰਦ ਕਰ ਦਿੱਤਾ ਗਿਆ। ਤਾਲਿਬਾਨ ਕਮਾਂਡਰ ਨੇ ਰੇਡੀਓ ਸਟੇਸ਼ਨ ਵਿਚ ਔਰਤਾਂ ਦੇ ਕੰਮ ਕਰਨ 'ਤੇ ਇਤਰਾਜ਼ ਜ਼ਾਹਰ ਕੀਤਾ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਰੇਡੀਓ ਸਟੇਸ਼ਨ ਵਿਚ ਕੁੱਲ 13 ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਵਿਚ 3 ਮਹਿਲਾ ਅਨਾਊਂਸਰ ਹਨ। ਇਹ ਰੇਡੀਓ ਸਟੇਸ਼ਨ ਅਫਗਾਨਿਸਤਾਨ ਦੀਆਂ ਦੋ ਮੁੱਖ ਭਾਸ਼ਾਵਾਂ-ਦਾਰੀ ਅਤੇ ਪਸਤੋ ਵਿਚ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦਾ ਹੈ।

ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਸਮਾ (Samaa) ਨਾਮ ਦੇ ਇਸ ਨਿੱਜੀ ਰੇਡੀਓ ਸਟੇਸ਼ਨ ਤੋਂ ਅਫਗਾਨਿਸਤਾਨ ਦੇ ਗਜ਼ਨੀ ਵਿਚ ਸਾਲ 2013 ਤੋਂ ਸਿਆਸੀ, ਧਾਰਮਿਕ, ਸਮਾਜਿਕ ਅਤੇ ਮਨੋਰੰਜਨ ਪ੍ਰੋਗਰਾਮਾਂ ਦਾ ਪ੍ਰਸਾਰਣ ਹੁੰਦਾ ਆਇਆ ਹੈ। ਰੇਡੀਓ ਸਟੇਸ਼ਨ ਦੇ ਨਿਦੇਸ਼ਕ ਰਮੇਜ਼ ਅਜ਼ੀਮੀ ਨੇ ਦੱਸਿਆ ਕਿ ਤਾਲਿਬਾਨ ਕਮਾਂਡਰ ਨੇ ਚਿੱਠੀ ਅਤੇ ਟੈਲੀਫੋਨ ਜ਼ਰੀਏ ਧਮਕੀ ਦਿੱਤੀ ਹੈ ਕਿ ਰੇਡੀਓ ਸਟੇਸ਼ਨ ਵਿਚ ਮਹਿਲਾ ਕਰਮਚਾਰੀਆਂ ਨੂੰ ਕੰਮ ਦੇਣਾ ਬੰਦ ਕੀਤਾ ਜਾਵੇ। ਇਹੀ ਨਹੀਂ ਤਾਲਿਬਾਨ ਵੱਲੋਂ ਉਸ ਦੇ ਘਰ ਆ ਕੇ ਪ੍ਰਸਾਰਣ ਰੋਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਭਾਵੇਂਕਿ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ (Zabihullah Mujahid) ਨੇ ਤਾਲਿਬਾਨ ਕਮਾਂਡਰ ਵੱਲੋਂ ਧਮਕੀਆਂ ਦਿੱਤੇ ਜਾਣ ਦੀ ਗੱਲ ਤੋਂ ਇਨਕਾਰ ਕੀਤਾ। ਗਜ਼ਨੀ ਦੇ ਕਈ ਜ਼ਿਲਿਆਂ 'ਤੇ ਕਬਜ਼ੇ ਦਾ ਦਾਅਵਾ ਕਰਨ ਵਾਲੇ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਸ਼ਿਕਾਇਤ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਤਾਲਿਬਾਨ ਅਤੇ ਅਫਗਾਨ ਪ੍ਰਤੀਨਿਧੀਆਂ ਨੇ ਸ਼ਾਂਤੀ ਦੀ ਦਿਸ਼ਾ ਵਿਚ ਕਦਮ ਵਧਾਏ ਹਨ।


Vandana

Content Editor

Related News