ਅਫਗਾਨਿਸਤਾਨ ’ਚ ਸੱਤਾ ਸੰਘਰਸ਼ ਹੈ, ਇਸ ਨੂੰ ਧਰਮ ਨਾਲ ਜੋੜ ਕੇ ਨਾ ਵੇਖੋ : ਐੱਮ. ਐੱਸ. ਓ.

Monday, Aug 30, 2021 - 11:49 AM (IST)

ਅਫਗਾਨਿਸਤਾਨ ’ਚ ਸੱਤਾ ਸੰਘਰਸ਼ ਹੈ, ਇਸ ਨੂੰ ਧਰਮ ਨਾਲ ਜੋੜ ਕੇ ਨਾ ਵੇਖੋ : ਐੱਮ. ਐੱਸ. ਓ.

ਨਵੀਂ ਦਿੱਲੀ (ਬਿਊਰੋ) : ਅਫਗਾਨਿਸਤਾਨ ’ਚ ਹਥਿਆਰਾਂ ਦੇ ਦਮ ’ਤੇ ਸੱਤਾ ਵਿੱਚ ਆਏ ਤਾਲਿਬਾਨ ਦੀ ਜਿੱਤ ਨੂੰ ਇਸਲਾਮ ਦੀ ਜਿੱਤ ਦੱਸਣਾ ਮੁਸਲਿਮ ਨੌਜਵਾਨਾਂ ਨੂੰ ਭਟਕਾਉਣਾ ਹੈ। ਇਹ ਪੂਰੀ ਤਰ੍ਹਾਂ ਸੱਤਾ ਦੀ ਲੜਾਈ ਹੈ। ਤਾਲਿਬਾਨ ਦਾ ਸੂਫੀ ਭਾਵ ਅਹਿਲੇ ਸੁੰਨਤ ਮਤਾਵਲੰਬੀਆਂ ਨਾਲ ਕੋਈ ਰਿਸ਼ਤਾ ਨਹੀਂ ਹੈ, ਸਗੋਂ ਉਹ ਦੇਵਬੰਦੀ ਵਿਚਾਰਧਾਰਾ ਨਾਲ ਸਬੰਧ ਰੱਖਦੇ ਹਨ। ਭਾਰਤ ਦੇ ਸਭ ਤੋਂ ਵੱਡੇ ਮੁਸਲਿਮ ਵਿਦਿਆਰਥੀ ਸੰਗਠਨ ਮੁਸਲਿਮ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਵਲੋਂ ਇਕ ਵੈਬੀਨਾਰ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ।

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਮੁੱਦੇ ’ਤੇ ਮੁਸਲਿਮ ਸਟੂਡੈਂਟ ਆਰਗੇਨਾਈਜ਼ੇਸ਼ਨ ਵਲੋਂ ਸੱਦੇ ਗਏ ਇਸ ਵੈਬੀਨਾਰ ਵਿੱਚ ਮੁੱਖ ਸਪੀਕਰ ਵਜੋਂ ਹਰੀਦੇਵ ਜੋਸ਼ੀ, ਪੱਤਰਕਾਰਤਾ ਤੇ ਜਨਸੰਚਾਰ ਵਿਸ਼ਵਵਿਦਿਆਲੇ ਦੇ ਐਡਜੰਕਟ ਫੈਕਲਟੀ ਡਾ. ਅਖਲਾਕ ਉਸਮਾਨੀ ਅਤੇ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਮੋਇਨੂਦੀਨ ਅਹਿਮਦ ਨੇ ਵਿਚਾਰ ਪ੍ਰਗਟ ਕੀਤੇ। ਇਸ ਪ੍ਰੋਗਰਾਮ ਦਾ ਸੰਚਾਲਨ ਐੱਮ. ਐੱਸ. ਓ. ਦੇ ਕੌਮੀ ਪ੍ਰਧਾਨ ਸ਼ੁਜਾਤ ਅਲੀ ਕਾਦਰੀ ਵਲੋਂ ਕੀਤਾ ਗਿਆ।

ਡਾ. ਉਸਮਾਨੀ ਨੇ ਕਿਹਾ ਕਿ ਭਾਰਤ ’ਚ ਇਕ ਬਹੁਤ ਵੱਡਾ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਦੀ ਵਿਚਾਰਧਾਰਾ ਅਹਿਲੇ ਸੁੰਨਤ ਹੈ, ਜਦੋਂਕਿ ਦੱਖਣੀ ਏਸ਼ੀਆ ਵਿੱਚ ਅਹਿਲੇ ਸੁੰਨਤ ਦਾ ਅਰਥ ਸੂਫੀ ਜਾਂ ਆਮ ਭਾਸ਼ਾ ਵਿੱਚ ਬਰੇਲਵੀ ਹੁੰਦਾ ਹੈ। ਤਾਲਿਬਾਨ ਦੀ ਮੌਲਿਕ ਵਿਚਾਰਧਾਰਾ ਕੱਟੜ ਦੇਵਬੰਦੀਅਤ ਦੀ ਹੈ। ਡਾ. ਉਸਮਾਨੀ ਨੇ ਇਹ ਵੀ ਸਪਸ਼ਟ ਕੀਤਾ ਕਿ ਤਾਲਿਬਾਨ ਦੇ ਉਭਰਨ ਤੋਂ ਬਾਅਦ ਤੁਰਕੀ ਤੇ ਸਾਊਦੀ ਅਰਬ ਸੁੰਨੀ ਦੁਨੀਆ ਵਿੱਚ ਲੀਡਰਸ਼ਿਪ ਦਾ ਸੁਪਨਾ ਸੰਜੋ ਕੇ ਬਹੁਤ ਗੰਭੀਰਤਾ ਨਾਲ ਇਸ ਵਿਕਾਸ ਨੂੰ ਵੇਖ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਕਿ ਅਫਗਾਨਿਸਤਾਨ ਤੁਰਕੀ ਦੀ ਜਗ੍ਹਾ ਲੈ ਸਕਦਾ ਹੈ।

ਉਸਮਾਨੀ ਨੇ ਕਿਹਾ ਕਿ ਤਾਲਿਬਾਨ ਦੇ ਉਭਾਰ ਤੋਂ ਬਾਅਦ ਮੱਧ ਤੇ ਦੱਖਣੀ ਏਸ਼ੀਆ ਦੀ ਸ਼ਾਂਤੀ ਨੂੰ ਖ਼ਤਰਾ ਜ਼ਰੂਰ ਪੈਦਾ ਹੁੰਦਾ ਹੈ ਅਤੇ ਇਹ ਖ਼ਤਰਾ ਸਿਰਫ਼ ਭਾਰਤ ਵਿੱਚ ਕਸ਼ਮੀਰ ਵਾਦੀ ’ਚ ਹੀ ਨਹੀਂ, ਸਗੋਂ ਚੀਨ ਦੇ ਸ਼ਿਨਜਿਆਂਗ, ਤਾਜਿਕਿਸਤਾਨ, ਉਜ਼ਬੇਕਿਸਤਾਨ ਤੇ ਖੁਦ ਪਾਕਿਸਤਾਨ ਨੂੰ ਵੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ। ਉਨ੍ਹਾਂ ਅਫਗਾਨਿਸਤਾਨ ਦੀ ਸੱਤਾ ’ਚ ਆਏ ਤਾਲਿਬਾਨ ਕਾਰਨ ਪਾਕਿਸਤਾਨ ਦੀ ਖੁਸ਼ੀ ਨੂੰ ਆਰਜ਼ੀ ਦੱਸਦਿਆਂ ਕਿਹਾ ਕਿ ਬੰਦੂਕ ਦੇ ਸਹਾਰੇ ਹਾਸਲ ਕੀਤੀ ਗਈ ਸੱਤਾ ਹਮੇਸ਼ਾ ਨੁਕਸਾਨਦੇਹ ਨਤੀਜੇ ਹੀ ਦਿੰਦੀ ਹੈ।

ਮੋਇਨੂਦੀਨ ਅਹਿਮਦ ਨੇ ਕਿਹਾ ਕਿ ਤਾਲਿਬਾਨ ਨੂੰ ਉਸ ਦੇ ਇਤਿਹਾਸ ਦੇ ਝਰੋਖੇ ’ਚੋਂ ਵੇਖਣ ਦੀ ਲੋੜ ਹੈ। 2001 ਤੋਂ ਬਾਅਦ ਤਾਲਿਬਾਨ ਦੀ ਸਰਕਾਰ ਵਿੱਚ ਆਪਣੀ ਹੀ ਜਨਤਾ ’ਤੇ ਜਿਸ ਢੰਗ ਨਾਲ ਅੱਤਿਆਚਾਰ ਹੋਏ ਹਨ, ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਕਈ ਦੇਸ਼ਾਂ ਵਿੱਚ ਅੱਜ ਆਧੁਨਿਕ ਇਸਲਾਮੀ ਸ਼ਾਸਨ ਰਾਜ ਕਰ ਰਿਹਾ ਹੈ ਪਰ ਜੇ ਉਸ ਨਾਲ ਤਾਲਿਬਾਨ ਦੇ ਰਾਜ ਕਰਨ ਦੇ ਢੰਗ ਦੀ ਤੁਲਨਾ ਕੀਤੀ ਜਾਵੇ ਤਾਂ ਤਾਲਿਬਾਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਅਹਿਮਦ ਨੇ ਕਿਹਾ ਕਿ ਤਾਲਿਬਾਨ ਦਾ ਮਤਲਬ ਉਂਝ ਤਾਂ ਵਿਦਿਆਰਥੀ ਹੁੰਦਾ ਹੈ ਪਰ ਜ਼ਰੂਰੀ ਨਹੀਂ ਕਿ ਵਿਦਿਆਰਥੀ ਦੇ ਨਾਂ ’ਤੇ ਸੱਤਾ ਵਿਚ ਆਏ ਲੋਕ ਕਿਸੇ ਤਰ੍ਹਾਂ ਪੂਰੇ ਪੜ੍ਹੇ-ਲਿਖੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਹਨਫੀ ਵਿਚਾਰਧਾਰਾ ਦੇ ਹਨ ਪਰ ਇਕ ਵਿਰੋਧਾਭਾਸ ਦੂਰ ਕਰਨ ਦੀ ਲੋੜ ਹੈ ਕਿ ਤਾਲਿਬਾਨੀ ਨੇਤਾ ਦੇਵਬੰਦ ਵਿਚ ਨਹੀਂ, ਸਗੋਂ ਦੇਵਬੰਦ ਵਿਚਾਰਧਾਰਾ ਵਾਲੇ ਪਾਕਿਸਤਾਨੀ ਤੇ ਅਫਗਾਨਿਸਤਾਨੀ ਮਦਰੱਸਿਆਂ ਵਿਚ ਪੜ੍ਹੇ ਹਨ। ਪ੍ਰੋਗਰਾਮ ਦੇ ਸੰਚਾਲਕ ਡਾ. ਸ਼ੁਜਾਤ ਅਲੀ ਕਾਦਰੀ ਨੇ ਪਾਕਿਸਤਾਨ ਦੀ ਭੂਮਿਕਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਤਾਲਿਬਾਨ ਦੇ ਉਭਾਰ ਤੋਂ ਆਰਜ਼ੀ ਤੌਰ ’ਤੇ ਪਾਕਿਸਤਾਨ ਨੂੰ ਵੀ ਨੁਕਸਾਨ ਹੋਵੇਗਾ। ਇਸ ਦੌਰਾਨ ਫੇਸਬੁੱਕ ਲਾਈਵ ਰਾਹੀਂ ਕਈ ਸਰੋਤਿਆਂ ਨੇ ਸਵਾਲ ਪੁੱਛੇ, ਜਿਨ੍ਹਾਂ ਦੇ ਦੋਵਾਂ ਪੈਨਾਲਿਸਟ ਤੇ ਐੱਮ. ਐੱਸ. ਓ. ਮੁਖੀ ਡਾ. ਕਾਦਰੀ ਨੇ ਜਵਾਬ ਦਿੱਤੇ।


author

rajwinder kaur

Content Editor

Related News