ਅਫਗਾਨ : ਬੰਬ ਧਮਾਕੇ ''ਚ 5 ਲੋਕਾਂ ਦੀ ਮੌਤ, ਤਾਲਿਬਾਨ ਨੇ ਲਈ ਜ਼ਿੰਮੇਵਾਰੀ

09/05/2019 4:09:32 PM

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਵੀਰਵਾਰ ਸਵੇਰੇ ਆਤਮਘਾਤੀ ਬੰਬ ਧਮਾਕਾ ਕੀਤਾ ਗਿਆ। ਇਸ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਸ਼ਸ ਦਰਕ ਇਲਾਕੇ ਵਿਚ ਹੋਇਆ। ਗ੍ਰੀਨ ਜ਼ੋਨ ਨੇੜੇ ਦਾ ਖੇਤਰ ਹੋਣ ਕਾਰਨ ਇੱਥੇ ਭਾਰੀ ਸੁਰੱਖਿਆ ਵਿਵਸਥਾ ਰਹਿੰਦੀ ਹੈ ਕਿਉਂਕਿ ਇੱਥੇ ਖੁਫੀਆ ਏਜੰਸੀ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ (ਐੱਨ.ਡੀ.ਐੱਸ.) ਦੇ ਦਫਤਰ ਸਮੇਤ ਕਈ ਮਹੱਤਵਪੂਰਣ ਇਮਾਰਤਾਂ ਸਥਿਤ ਹਨ। ਵੀਰਵਾਰ ਸਵੇਰੇ ਇਹ ਧਮਾਕਾ ਉਸ ਜਗ੍ਹਾ ਨੇੜੇ ਹੋਇਆ, ਜਿੱਥੇ ਪਿਛਲੇ ਸਾਲ ਅਪ੍ਰੈਲ ਵਿਚ ਇਸਲਾਮਿਕ ਸਟੇਟ ਸਮੂਹ ਨੇ ਧਮਾਕੇ ਕਰ ਕੇ 9 ਪੱਤਰਕਾਰਾਂ ਦੀ ਜਾਨ ਲਈ ਸੀ। 

ਘਟਨਾਸਥਲ ਦੇ ਨੇੜੇ ਸਥਿਤ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਜਨਰਲ ਮੈਨੇਜਰ ਫਰੀਦ ਅਹਿਮਦ ਕਰੀਮੀ ਨੇ ਦੱਸਿਆ ਕਿ ਹਸਪਤਾਲ ਵਿਚ 5 ਲਾਸ਼ਾਂ ਅਤੇ 25 ਜ਼ਖਮੀਆਂ ਨੂੰ ਲਿਆਂਦਾ ਗਿਆ ਹੈ। ਕਰੀਮੀ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਵਿਚ ਸਿਵਲ ਲੋਕ ਅਤੇ ਹੋਰ ਸੁਰੱਖਿਆ ਕਰਮੀ ਸ਼ਾਮਲ ਹਨ। ਜ਼ਖਮੀਆਂ ਵਿਚ ਪੰਜ ਔਰਤਾਂ ਵੀ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਹੂਲਾ ਮੁਜਾਹਿਦ ਨੇ ਟਵਿੱਟਰ 'ਤੇ ਹਮਲੇ ਦੀ ਜਿੰਮੇਵਾਰੀ ਲਈ ਅਤੇ ਕਿਹਾ ਕਿ ਇਕ ਫੀਦਾਈਨ ਹਮਲਾਵਰ ਨੇ ਕਾਰ ਬੰੰਬ ਨਾਲ ਧਮਾਕਾ ਕੀਤਾ। 

ਘਟਨਾ ਸਥਲ ਦੇ ਸਾਹਮਣੇ ਵਾਲੀ ਸੜਕ 'ਤੇ ਇਕ ਫੋਟੋ ਸਟੂਡੀਓ ਦੇ ਮਾਲਕ ਮਸੂਦ ਜਜ਼ਈ ਨੇ ਦੱਸਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਹ ਕੁਰਸੀ ਤੋਂ ਹੇਠਾਂ ਡਿੱਗ ਪਿਆ ਅਤੇ ਦੁਕਾਨ ਵਿਚ ਧੂੜ ਅਤੇ ਧੂੰਏਂ ਦਾ ਗੁਬਾਰ ਛਾ ਗਿਆ। ਗੌਰਤਲਬ ਹੈ ਕਿ ਤਾਲਿਬਾਨ ਅਤੇ ਅਮਰੀਕਾ ਦੇ ਇਕ ਸਮਝੌਤੇ 'ਤੇ ਸਿਧਾਂਤਕ ਤੌਰ 'ਤੇ ਸਹਿਮਤ ਹੋਣ ਦੇ ਬਾਅਦ ਤੋਂ ਰਾਜਧਾਨੀ ਵਿਚ ਜਾਨਲੇਵਾ ਹਮਲੇ ਵੱਧ ਗਏ ਹਨ। ਇਸ ਸਮਝੌਤੇ ਦੇ ਤਹਿਤ ਅਮਰੀਕਾ ਅਫਗਾਨਿਸਤਾਨ ਵਿਚੋਂ ਆਪਣੇ ਹਜ਼ਾਰਾਂ ਫੌਜੀਆਂ ਨੂੰ ਵਾਪਸ ਬੁਲਾਏਗਾ। ਇਸ ਦੇ ਬਦਲੇ ਤਾਲਿਬਾਨ ਨੇ ਸੁਰੱਖਿਆ ਦਾ ਵਾਅਦਾ ਕੀਤਾ ਹੈ।


Vandana

Content Editor

Related News