ਤਾਲਿਬਾਨ ਅੱਤਵਾਦੀਆਂ ਨੇ ਅਫਗਾਨਿਸਤਾਨ 'ਚ ਬੱਸ ਯਾਤਰੀਆਂ ਨੂੰ ਕੀਤਾ ਅਗਵਾ

08/20/2018 1:38:48 PM

ਕਾਬੁਲ (ਭਾਸ਼ਾ)— ਤਾਲਿਬਾਨ ਅੱਤਵਾਦੀਆਂ ਨੇ ਉੱਤਰੀ ਅਫਗਾਨਿਸਤਾਨ ਤੋਂ 3 ਬੱਸਾਂ ਨੂੰ ਘੇਰ ਕੇ ਉਸ 'ਚ ਸਵਾਰ 100 ਤੋਂ ਵਧ ਲੋਕਾਂ ਨੂੰ ਅਗਵਾ ਕਰ ਲਿਆ ਹੈ। ਇਸ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸੂਬੇ ਦੇ ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਧਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਇਸ ਹਫਤੇ ਈਦ ਦੇ ਮੌਕੇ ਤਾਲਿਬਾਨ ਨਾਲ ਸ਼ਰਤ ਸਮੇਤ ਜੰਗਬੰਦੀ ਦੀ ਘੋਸ਼ਣਾ ਕੀਤੀ ਗਈ ਸੀ। ਇਸ ਦੇ ਬਾਵਜੂਦ ਤਾਲਿਬਾਨ ਨੇ ਲੋਕਾਂ ਨੂੰ ਅਗਵਾ ਕੀਤਾ। ਬੱਸ ਯਾਤਰੀਆਂ ਨੂੰ ਕੁੰਦੂਜ ਸੂਬੇ ਤੋਂ ਅਗਵਾ ਕੀਤਾ ਗਿਆ ਹੈ, ਇਸ ਇਲਾਕੇ 'ਤੇ ਹਾਲ ਹੀ 'ਚ ਤਾਲਿਬਾਨ ਨੇ ਕਬਜ਼ਾ ਕੀਤਾ ਹੈ। 

ਅਗਵਾ ਕੀਤੇ ਗਏ ਲੋਕਾਂ ਨਾਲ ਕੀ ਕੀਤਾ ਗਿਆ ਹੈ, ਇਹ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਅੱਤਵਾਦੀਆਂ ਵਲੋਂ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਹਾਲ ਦੇ ਸਾਲਾਂ ਵਿਚ ਤਾਲਿਬਾਨ ਨੇ ਮੁੜ ਤੋਂ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤੀ ਅਤੇ ਅਫਗਾਨਿਸਤਾਨ ਦੇ ਕਈ ਇਲਾਕਿਆਂ 'ਤੇ ਕਬਜ਼ਾ ਜਮਾਉਣ ਦੀ ਫਿਰਾਕ ਵਿਚ ਹਨ। ਅੱਤਵਾਦੀ ਵੱਡੇ ਪੱਧਰ 'ਤੇ ਬੰਬ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਹਨ। ਕੁੰਦੂਜ ਵਿਚ ਸੂਬਾਈ ਕੌਂਸਲਰ ਦੇ ਮੁਖੀ ਮੁਹੰਮਦ ਯੁਸੂਫ ਅਯੂਬੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਖਾਨ ਅਬਦ ਜ਼ਿਲੇ ਨੇੜੇ ਇਕ ਸੜਕ 'ਤੇ 3 ਬੱਸਾਂ ਨੂੰ ਰੋਕਿਆਂ ਅਤੇ ਯਾਤਰੀਆਂ ਨੂੰ ਡਰਾ-ਧਮਕਾ ਕੇ ਆਪਣੇ ਨਾਲ ਜਾਣ ਲਈ ਮਜਬੂਰ ਕੀਤਾ।
ਅਯੂਬੀ ਮੁਤਾਬਕ ਉਨ੍ਹਾਂ ਦਾ ਮੰਨਣਾ ਹੈ ਕਿ ਤਾਲਿਬਾਨ ਅਜਿਹੇ ਸਰਕਾਰੀ ਕਰਮਚਾਰੀਆਂ ਜਾਂ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਤਲਾਸ਼ ਵਿਚ ਹਨ, ਜੋ ਛੁੱਟੀਆਂ ਦੇ ਦਿਨਾਂ ਵਿਚ ਘਰ ਜਾਂਦੇ ਹਨ। ਇਕ ਪੁਲਸ ਮੁਖੀ ਅਬਦੁੱਲ ਰਹਿਮਾਨ ਅਕਤਾਸ਼ ਨੇ ਦੱਸਿਆ ਕਿ ਅਗਵਾ ਕੀਤੇ ਗਏ ਯਾਤਰੀ ਤਾਕਹਰ ਸੂਬੇ ਤੋਂ ਹਨ ਅਤੇ ਉਹ ਰਾਜਧਾਨੀ ਕਾਬੁਲ ਜਾ ਰਹੇ ਸਨ।


Related News