ਕਾਬੁਲ ਹਵਾਈ ਅੱਡੇ ''ਤੇ ਗੋਲੀਬਾਰੀ, ਅਫਗਾਨ ਸੈਨਿਕ ਦੀ ਮੌਤ
Monday, Aug 23, 2021 - 01:25 PM (IST)
ਬਰਲਿਨ (ਭਾਸ਼ਾ): ਜਰਮਨੀ ਦੀ ਸੈਨਾ ਨੇ ਕਿਹਾ ਕਿ ਸੋਮਵਾਰ ਨੂੰ ਕਾਬੁਲ ਹਵਾਈ ਅੱਡੇ ਦੇ ਉੱਤਰੀ ਗੇਟ 'ਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਅਤੇ ਅਣਪਛਾਤੇ ਹਮਲਾਵਰਾਂ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਇਕ ਅਫਗਾਨ ਸੁਰੱਖਿਆ ਅਧਿਕਾਰੀ ਦੀ ਮੌਤ ਹੋ ਗਈ। ਸੈਨਾ ਨੇ ਟਵੀਟ ਕਰ ਕੇ ਦੱਸਿਆ ਕਿ ਸੋਮਵਾਰ ਤੜਕਸਾਰ ਹੋਏ ਇਸ ਮੁਕਾਬਲੇ ਵਿਚ ਅਫਗਾਨਿਸਾਤਨ ਦੇ ਇਕ ਸੁਰੱਖਿਆ ਅਧਿਕਾਰੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ 'ਚ ਭਾਰਤੀ ਲੋਕ ਨਿਸ਼ਾਨੇ 'ਤੇ, ਦੇਸ਼ ਛੱਡਣ ਦਾ ਮਿਲ ਰਿਹਾ 'ਮੈਸੇਜ'
ਉਸ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਅਮਰੀਕਾ ਅਤੇ ਜਰਮਨ ਦੇ ਸੈਨਿਕ ਵੀ ਸ਼ਾਮਲ ਹੋ ਗਏ, ਜਰਮਨੀ ਦਾ ਕੋਈ ਸੈਨਿਕ ਜ਼ਖਮੀ ਨਹੀਂ ਹੋਇਆ ਹੈ। ਹਾਲੇ ਇਸ ਬਾਰੇ ਕੋਈ ਸੂਚਨਾ ਨਹੀਂ ਹੈ ਕਿ ਹਮਲਾਵਰ ਕੌਣ ਸਨ। ਕਾਬੁਲ ਹਵਾਈ ਅੱਡੇ ਦੇ ਬਾਹਰੀ ਖੇਤਰਾਂ ਵਿਚ ਤਾਇਨਾਤ ਤਾਲਿਬਾਨ ਨੇ ਹੁਣ ਤੱਕ ਇੱਥੇ ਨਾਟੋ ਜਾਂ ਅਫਗਾਨ ਸੈਨਿਕਾਂ 'ਤੇ ਗੋਲੀਬਾਰੀ ਨਹੀਂ ਕੀਤੀ ਹੈ। ਐਤਵਾਰ ਨੂੰ ਕਾਬੁਲ ਹਵਾਈ ਅੱਡੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਭੀੜ ਵਿਚੋਂ ਘੱਟੋ-ਘੱਟ 7 ਲੋਕਾਂ ਦੀ ਹਫੜਾ-ਦਫੜੀ ਦੌਰਾਨ ਮੌਤ ਹੋ ਗਈ ਸੀ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹਜ਼ਾਰਾਂ ਲੋਕ ਉਸ ਦੇ ਸ਼ਾਸਨ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਵਿਚ ਹਨ।