ਅਫ਼ਗਾਨਿਸਤਾਨ: ਫਾਰਮੇਸੀ ਸੰਘ ਨੇ ਦਿੱਤੀ ਦਵਾਈ ਦੀ ਭਾਰੀ ਕਮੀ ਦੀ ਚਿਤਾਵਨੀ, ਸਰਹੱਦ ’ਤੇ ਰੋਕੇ ਗਏ ਟਰੱਕ
Sunday, Oct 17, 2021 - 01:17 PM (IST)
ਕਾਬੁਲ— ਅਫ਼ਗਾਨਿਸਤਾਨ ਦੇ ਫਾਰਮੇਸੀ ਮਾਲਕਾਂ ਦੇ ਸੰਘ ਨੇ ਕਿਹਾ ਕਿ ਮੈਡੀਕਲ ਸਪਲਾਈ ਨਾਲ ਲੱਦੇ 50 ਤੋਂ ਵਧੇਰੇ ਟਰੱਕਾਂ ਨੂੰ ਅਗਿਆਤ ਕਾਰਨਾਂ ਤੋਂ ਸਰਹੱਦਾਂ ’ਤੇ ਰੋਕ ਦਿੱਤਾ ਗਿਆ ਹੈ। ਜਿਸ ਦੀ ਵਜ੍ਹਾ ਨਾਲ ਦੇਸ਼ ’ਚ ਮੈਡੀਕਲ ਸਪਲਾਈ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਟੋਲੋ ਨਿਊਜ਼’ ਨੇ ਕਿਹਾ ਕਿ ਸੰਘ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੱਕਾਂ ਨੂੰ ਅਫ਼ਗਾਨਿਸਤਾਨ ਵਿਚ ਐਂਟਰੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਤਾਂ ਅਗਲੇ ਮਹੀਨੇ ਪੂਰੇ ਦੇਸ਼ ਵਿਚ ਮੈਡੀਕਲ ਸਪਲਾਈ ਦੀ ਭਾਰੀ ਕਮੀ ਹੋ ਜਾਵੇਗੀ। ਸੰਘ ਦੇ ਮੈਂਬਰ ਅਜੀਜ਼ੁਲਾਹ ਸ਼ਫੀਕ ਨੇ ਦੱਸਿਆ ਕਿ ਦਵਾਈ ਫੈਕਟਰੀਆਂ ’ਚ ਦਵਾਈਆਂ ਦੀ ਕਮੀ ਹੈ ਅਤੇ ਜ਼ਰੂਰੀ ਦਵਾਈਆਂ ਇਸਤੇਮਾਲ ਹੋ ਗਈਆਂ ਹਨ। ਜੇਕਰ ਹਾਲਾਤ ਇਵੇਂ ਹੀ ਰਹੇ ਤਾਂ ਅਫ਼ਗਾਨਿਸਤਾਨ ਵਿਚ ਮੈਡੀਕਲ ਸਪਲਾਈ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ—
ਕਾਬੁਲ ਦੇ ਰਹਿਣ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਡਾਕਟਰ ਨੇ ਮੈਨੂੰ ਇਕ ਨੁਸਖ਼ਾ ਦਿੱਤਾ ਸੀ। ਮੈਂ ਪਿਛਲੇ ਤਿੰਨ ਦਿਨਾਂ ਤੋਂ ਇਸ ਦਵਾਈ ਦੀ ਭਾਲ ਕਰ ਰਿਹਾ ਸੀ ਪਰ ਇਹ ਨਹੀਂ ਮਿਲੀ। ਜ਼ਰੂਰੀ ਦਵਾਈਆਂ ਮੌਜੂਦ ਨਹੀਂ ਹਨ। ਇੱਥੋਂ ਤਕ ਕਿ ਦਵਾਈ ਫੈਕਟਰੀਆਂ ਦੇ ਮਾਲਕਾਂ ਦਾ ਵੀ ਕਹਿਣਾ ਹੈ ਕਿ ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਕਾਰਨ ਫੈਕਟਰੀਆਂ ਬੰਦ ਹੋ ਗਈਆਂ ਹਨ। ਮੈਡੀਕਲ ਫੈਕਟਰੀ ਦੇ ਚੀਫ਼ ਇੰਸਪੈਕਟਰ ਅਬਦੁੱਲ ਕਰੀਮ ਖੋਸਤੀ ਨੇ ਦੱਸਿਆ ਕਿ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਟਰੱਕਾਂ ਨੂੰ ਸਰਹੱਦ ’ਤੇ ਰੋਕ ਦਿੱਤਾ ਗਿਆ ਹੈ। ਹੁਣ ਕਈ ਫੈਕਟਰੀਆਂ ਦਵਾਈ ਬਣਾਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ।
ਦਵਾਈ ਕਾਰੋਬਾਰ ਪ੍ਰਭਾਵਿਤ—
ਇਸ ਮੁੱਦੇ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਫਾਰਮੇਸੀ ਮਾਲਕਾਂ ਨੇ ਵੀ ਇਹ ਕਹਿੰਦੇ ਹੋਏ ਆਵਾਜ਼ ਬੁਲੰਦ ਕੀਤੀ ਹੈ ਕਿ ਮੈਡੀਕਲ ਸਪਲਾਈ ਬੰਦ ਹੋਣ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਕ ਫਾਰਮੇਸੀ ਦੇ ਮਾਲਕ ਅਬਦੁੱਲਾ ਨੇ ਕਿਹਾ ਕਿ ਡਾਲਰ ਦੀ ਵੱਧਦੀ ਦਰ, ਸਰਹੱਦਾਂ ਨੂੰ ਬੰਦ ਕਰਨ ਅਤੇ ਉਡਾਣਾਂ ਰੱਦ ਕਰਨ ਕਾਰਨ ਸਾਨੂੰ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।