ਅਫਗਾਨ ਸਰਕਾਰ ਤਾਲਿਬਾਨੀ ਕੈਦੀਆਂ ਨੂੰ ਜਲਦ ਕਰੇਗੀ ਰਿਹਾਅ
Wednesday, Mar 11, 2020 - 02:58 PM (IST)
ਕਾਬੁਲ- ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਤਹਿਤ 14 ਮਾਰਚ ਨੂੰ 1500 ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਦਾ ਬੁੱਧਵਾਰ ਨੂੰ ਐਲਾਨ ਕੀਤਾ ਗਿਆ।
ਗਨੀ ਨੇ ਮੰਗਲਵਾਰ ਨੂੰ ਆਪਣੇ ਹੁਕਮ ਵਿਚ ਕਿਹਾ ਕਿ ਤਕਰੀਬਨ 5000 ਤਾਲਿਬਾਨੀ ਕੈਦੀਆਂ ਨੂੰ ਕੁਝ ਸਮੇਂ ਦੇ ਫਰਕ ਨਾਲ ਰਿਹਾਅ ਕੀਤਾ ਜਾਵੇਗਾ। ਰਾਸ਼ਟਰਪਤੀ ਪ੍ਰੋਗਰਾਨ ਦੇ ਮੁੱਖ ਬੁਲਾਰੇ ਸਿੱਦਿਕੀ ਨੇ ਟਵੀਟ ਕੀਤਾ ਕਿ ਹੁਕਮ ਦੇ ਤਹਿਤ ਰਿਹਾਅ ਹੋਣ ਵਾਲੇ ਸਾਰੇ ਕੈਦੀਆਂ ਨੂੰ ਇਕ ਲਿਖਤ ਭਰੋਸਾ ਦੇਣਾ ਹੋਵੇਗਾ ਕਿ ਉਹ ਜੰਗ ਦੇ ਮੈਦਾਨ ਵਿਚ ਮੁੜ ਨਹੀਂ ਪਰਤਣਗੇ। ਅਫਗਾਨ ਸਰਕਾਰ 1500 ਤਾਲਿਬਾਨੀ ਕੈਦੀਆਂ ਨੂੰ 15 ਦਿਨਾਂ ਵਿਚ ਰਿਹਾਅ ਕਰੇਗੀ, ਜਿਸ ਦੀ ਸ਼ੁਰੂਆਤ 14 ਮਾਰਚ ਨੂੰ ਹੋਵੇਗੀ। ਹਰ ਦਿਨ 100 ਤਾਲਿਬਾਨੀ ਕੈਦੀਆਂ ਨੂੰ ਉਹਨਾਂ ਦੀ ਉਮਰ, ਸਿਹਤ ਸਥਿਤੀ ਤੇ ਬਚੀ ਹੋਈ ਕੈਦ ਦੇ ਹਿਸਾਬ ਨਾਲ ਰਿਹਾਅ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਬਾਕੀ ਬਚੇ 3500 ਕੈਦੀਆਂ ਨੂੰ ਵੀ ਕੁਝ ਸਮੇਂ ਦੇ ਫਰਕ ਨਾਲ ਅਫਗਾਨ ਗੱਲਬਾਤ ਤਹਿਤ ਰਿਹਾਅ ਕੀਤਾ ਜਾਵੇਗਾ। ਰਾਸ਼ਟਰਪਤੀ ਗਨੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਤਾਲਿਬਾਨੀ ਕੈਦੀਆਂ ਦੀ ਰਿਹਾਈ ਨਾਲ ਹਿੰਸਾ ਵਿਚ ਕਮੀ ਆਵੇਗੀ।