ਅਫਗਾਨ ਸਰਕਾਰ ਨੇ 1000 ਤਾਲਿਬਾਨੀਆਂ ਨੂੰ ਕੀਤਾ ਰਿਹਾਅ

05/09/2020 8:51:04 PM

ਕਾਬੁਲ- ਅਫਗਾਨਿਸਤਾਨ ਸਰਕਾਰ ਨੇ ਹੁਣ ਤੱਕ 1000 ਤਾਲਿਬਾਨੀਆਂ ਨੂੰ ਜੇਲਾਂ ਵਿਚੋਂ ਰਿਹਾਅ ਕਰ ਦਿੱਤਾ ਹੈ ਤੇ ਉਮੀਦ ਜ਼ਾਹਿਰ ਕੀਤੀ ਹੈ ਕਿ ਤਾਲਿਬਾਨੀ ਸਮੂਹ ਸਰਕਾਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਰਿਹਾਅ ਕਰਕੇ ਸਿੱਧੀ ਗੱਲਬਾਤ ਦੀਆਂ ਤਿਆਰੀਆਂ ਵਿਚ ਤੇਜ਼ੀ ਲਿਆ ਕੇ ਇਸ ਦਾ ਸਹੀ ਜਵਾਬ ਦੇਵੇਗਾ। ਅਫਗਾਨ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਪ੍ਰੀਸ਼ਦ ਨੇ ਟਵਿੱਟਰ 'ਤੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਤੇ ਸ਼ਾਂਤੀ ਸਮਝੌਤੇ ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਨੇ 1000 ਤਾਲਿਬਾਨੀਆਂ ਨੂੰ ਰਿਹਾਅ ਕਰ ਦਿੱਤਾ ਹੈ, ਜਿਹਨਾਂ ਨੇ ਸ਼ਾਂਤੀ ਨਾਲ ਰਹਿਣ ਦੀ ਸਹੂੰ ਖਾਧੀ ਹੈ। ਹੁਣ ਤਾਲਿਬਾਨ 'ਤੇ ਨਿਰਭਰ ਹੈ ਕਿ ਉਹ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਰਿਹਾਈ ਨੂੰ ਰਫਤਾਰ ਦੇਣ, ਹਿੰਸਾ ਨੂੰ ਘੱਟ ਕਰਨ ਤੇ ਸਰਕਾਰ ਦੇ ਨਾਲ ਸਿੱਧੀ ਗੱਲਬਾਤ ਦੇ ਲਈ ਤਿਆਰੀ ਕਰੇ। ਦੇਰੀ ਸਹੀ ਨਹੀਂ ਹੈ। ਤਾਲਿਬਾਨੀ ਸਮੂਹ ਤੇ ਸਰਕਾਰ ਦੇ ਵਿਚਾਲੇ ਫਰਵਰੀ ਵਿਚ ਕਤਰ ਵਿਚ ਹੋਈ ਗੱਲਬਾਤ ਤੋਂ ਬਾਅਦ ਹੀ ਕੈਦੀਆਂ ਦੀ ਰਿਹਾਈ ਤੇ ਅਫਗਾਨ ਸਰਕਾਰ ਦੇ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। 

ਸਮਝੌਤੇ ਮੁਤਾਬਕ ਅਮਰੀਕੀ ਤੇ ਨਾਟੋ ਦੇ ਫੌਜੀਆਂ ਨੂੰ 14 ਮਹੀਨਿਆਂ ਅੰਦਰ ਦੇਸ਼ ਛੱਡ ਕੇ ਜਾਣਾ ਹੈ ਜਦਕਿ 10 ਮਾਰਚ ਤੋਂ ਸਰਕਾਰ ਤੇ ਅੱਤਵਾਦੀ ਸਮੂਹ ਦੇ ਵਿਚਾਲੇ ਅੰਤਰ ਅਫਗਾਨ ਗੱਲਬਾਤ ਸ਼ੁਰੂ ਹੋਣੀ ਸੀ। ਹਾਲਾਂਕਿ ਅਫਗਾਨਿਸਤਾਨ ਦੇ ਚੋਣ ਸੰਕਟ ਤੇ ਕੈਦੀਆਂ ਦੀ ਰਿਹਾਈ 'ਤੇ ਆਪਸੀ ਅਸਹਿਮਤੀ ਦੇ ਕਾਰਣ ਗੱਲਬਾਤ ਵਿਚ ਦੇਰੀ ਹੋਈ ਹੈ। ਤਾਲਿਬਾਨ ਸਮੂਹ ਦੀ ਮੰਗ ਹੈ ਕਿ ਅਫਗਾਨ ਅਧਿਕਾਰੀ ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਆਧਾਰ 'ਤੇ 5 ਹਜ਼ਾਰ ਕੈਦੀਆਂ ਨੂੰ ਰਿਹਾਅ ਕਰੇ। ਅਫਗਾਨ ਸਰਕਾਰ ਤਾਲਿਬਾਨ ਅੰਦੋਲਨ ਦੇ ਮੈਂਬਰਾਂ ਵਿਚੋਂ 1500 ਨੂੰ ਹੌਲੀ-ਹੌਲੀ ਰਿਹਾਅ ਕਰਨ 'ਤੇ ਸਹਿਮਤ ਹੋਈ ਹੈ। ਇਸ ਮਹੀਨੇ ਸੌਦੇ ਦੇ ਤਹਿਤ ਅੱਤਵਾਦੀ 1000 ਸਰਕਾਰੀ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਏ ਹਨ ਪਰ ਕਥਿਤ ਤੌਰ 'ਤੇ ਹੁਣ ਤੱਕ ਸਿਰਫ 110 ਹੀ ਰਿਹਾਅ ਕੀਤੇ ਗਏ ਹਨ। 


Baljit Singh

Content Editor

Related News