ਵਿਸਾਖੀ ਮੇਲੇ ਦੌਰਾਨ ਐਕਟਰ ਅਤੇ ਡਾਇਰੈਕਟਰ ਅਸ਼ੋਕ ਟਾਂਗਰੀ ਦਾ ਹੋਇਆ ਸਨਮਾਨ
Tuesday, May 31, 2022 - 12:53 PM (IST)
 
            
            ਸੈਨਹੋਜੇ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਸਥਾਨਿਕ ਇੰਡੀਪੈਡਿੰਸ ਹਾਈ ਸਕੂਲ ਦੇ ਫੁੱਟਬਾਲ ਸਟੇਡੀਅਮ ਵਿੱਚ ਵਿਸਾਖੀ ਨੂੰ ਸਮਰਪਿਤ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਜਿੱਥੇ ਲੋਕਲ ਕਲਾਕਾਰਾਂ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਛਹਿਬਰ ਲਾਈ, ਉੱਥੇ ਮਸ਼ਹੂਰ ਫ਼ਿਲਮ ਐਕਟਰ ਅਤੇ ਡਾਇਰੈਕਟਰ ਅਸ਼ੋਕ ਟਾਂਗਰੀ ਨੂੰ ਪ੍ਰਬੰਧਕਾਂ ਬਿਕਰਮਜੀਤ ਸਿੰਘ ਅਤੇ ਜਸਵੀਰ ਸਿੰਘ ਪਵਾਰ ਵੱਲੋਂ ਉਹਨਾਂ ਦੀ ਐਕਟਿੰਗ ਅਤੇ ਡਾਇਰੈਕਸ਼ਨ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਅਤੇ ਕੰਵਰ ਗਰੇਵਾਲ ਵੱਲੋਂ ਇੱਕ ਸ਼ੀਲਡ ਦੇ ਰੂਪ ਵਿੱਚ ਅਸ਼ੋਕ ਟਾਂਗਰੀ ਨੂੰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀ ਵਿਰਸਾ ਮੈਰੀਲੈਂਡ ਅਮਰੀਕਾ ਨੇ ਕਰਵਾਇਆ ਪਹਿਲਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ (ਤਸਵੀਰਾਂ)
ਅਸ਼ੋਕ ਟਾਂਗਰੀ “ਕਿਸਾਨ ਖ਼ੁਦਕੁਸ਼ੀ ਦੇ ਮੋੜ 'ਤੇ” ਅਤੇ “ਧੀਆਂ ਮਰਜਾਣੀਆਂ” ਵਰਗੇ ਨਾਟਕਾਂ ਦਾ ਸਫਲ ਮੰਚਨ ਪੂਰੇ ਅਮਰਿਕਾ ਵਿੱਚ ਕਰ ਚੁੱਕੇ ਹਨ। ਨਵੀਆਂ ਆ ਰਹੀਆਂ ਫਿਲਮਾਂ ਵਿੱਚ ਅਸ਼ੋਕ ਟਾਂਗਰੀ - ਤੇਰੀ ਮੇਰੀ ਗੱਲ ਬਣਗੀ ਫ਼ਿਲਮ ਵਿੱਚ ਪ੍ਰੀਤੀ ਸੱਪਰੂ ਨਾਲ ਨਜ਼ਰ ਆਉਣਗੇ, ਫਿਲਮ ਜਮਰੌਦ ਵਿੱਚ ਕੁਲਜਿੰਦਰ ਨਾਲ, ਫ਼ਿਲਮ ਲੈਂਬਰਗੀਨੀ ਵਿੱਚ ਰਣਜੀਤ ਬਾਵਾ ਨਾਲ ਅਤੇ ਫ਼ਿਲਮ ਹਨੀਮੂਨ ਵਿੱਚ ਗਿੱਪੀ ਗਰੇਵਾਲ ਨਾਲ ਸਹਿ ਕਲਾਕਾਰ ਨਜ਼ਰ ਆਉਣਗੇ। ਇਹਨਾਂ ਫਿਲਮਾਂ ਦੀ ਸੂਟਿੰਗ ਲੰਡਨ ਅਤੇ ਪੰਜਾਬ ਵਿੱਚ ਮੁਕੰਮਲ ਹੋ ਚੁੱਕੀ ਹੈ ਅਤੇ ਬਹੁਤ ਜਲਦ ਇਹ ਫਿਲਮਾਂ ਸੰਸਾਰ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀਆ ਹਨ। ਫਤਿਹ ਮੇਲੇ ਦੌਰਾਨ ਲੋਕਲ ਕਲਾਕਾਰਾਂ ਇਸ਼ਮੀਤ ਨਰੂਲਾ ਅਤੇ ਛੱਤੀ ਸਤਵਿੰਦਰ ਨੇ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਬਾਖੂਬੀ ਕੀਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            