ਰਾਹਤ ਦੀ ਖ਼ਬਰ : ਓਟਾਵਾ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਘਟੀ
Monday, Jan 18, 2021 - 04:13 PM (IST)

ਓਟਾਵਾ- ਓਟਾਵਾ ਸਿਹਤ ਅਧਿਕਾਰੀਆਂ ਮੁਤਾਬਕ ਇੱਥੇ ਐਤਵਾਰ ਨੂੰ 123 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਤੇ ਇਕ ਵਿਅਕਤੀ ਦੀ ਮੌਤ ਹੋਈ। ਸ਼ਨੀਵਾਰ ਨਾਲੋਂ ਐਤਵਾਰ ਨੂੰ ਦਰਜ ਹੋਏ ਮਾਮਲਿਆਂ ਦੀ ਗਿਣਤੀ ਕਾਫੀ ਘੱਟ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲਾਂ ਵਿਚ ਭਰਤੀ ਲੋਕਾਂ ਦੀ ਗਿਣਤੀ ਵੀ ਕਾਫੀ ਘੱਟ ਦਰਜ ਕੀਤੀ ਗਈ ਹੈ।
ਓਂਟਾਰੀਓ ਸੂਬੇ ਵਿਚ ਕੋਰੋਨਾ ਦੇ 3,422 ਨਵੇਂ ਮਾਮਲੇ ਦਰਜ ਹੋਏ ਹਨ ਜਦਕਿ ਇਸ ਦੌਰਾਨ 69 ਲੋਕਾਂ ਦੀ ਮੌਤ ਹੋਈ ਹੈ। ਓਟਾਵਾ ਸਿਹਤ ਅਧਿਕਾਰੀਆਂ ਮੁਤਾਬਕ ਸ਼ਹਿਰ ਵਿਚ ਹੁਣ ਤੱਕ 12,286 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 403 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਸੂਬੇ ਵਿਚ 26 ਦਸੰਬਰ ਤੋਂ ਤਾਲਾਬੰਦੀ ਲਾਗੂ ਹੈ ਤੇ ਹੁਣ ਐਮਰਜੈਂਸੀ ਵੀ ਲਾਈ ਗਈ ਹੈ। ਜਨਵਰੀ ਦੀ ਸ਼ੁਰੂਆਤ ਤੋਂ ਹੀ ਓਟਾਵਾ ਸ਼ਹਿਰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ। ਲੋਕਾਂ ਨੂੰ 14 ਜਨਵਰੀ ਤੋਂ ਘਰਾਂ ਵਿਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਓਟਾਵਾ ਵਿਚ 8 ਜਨਵਰੀ ਤੋਂ 14 ਜਨਵਰੀ ਵਿਚਕਾਰ ਕੋਰੋਨਾ ਮਾਮਲਿਆਂ ਦਾ ਪਾਜ਼ੀਟੀਵਿਟੀ ਰੇਟ 4.1 ਫ਼ੀਸਦੀ ਰਿਹਾ ਹੈ। ਦੱਸ ਦਈਏ ਕਿ ਓਂਟਾਰੀਓ ਸੂਬੇ ਵਿਚ ਸ਼ਨੀਵਾਰ ਨੂੰ 11,007 ਲੋਕਾਂ ਨੂੰ ਕੋਰੋਨਾ ਟੀਕੇ ਦੀ ਖੁਰਾਕ ਲਗਵਾ ਚੁੱਕੇ ਹਨ ਤੇ ਹੁਣ ਤੱਕ ਸੂਬੇ ਨੂੰ 2,00,097 ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਮਿਲ ਚੁੱਕੀਆਂ ਹਨ।