ਪਾਕਿ ਨੂੰ ਝਟਕਾ: ਕਸ਼ਮੀਰ ਮੁੱਦੇ 'ਚ ਭਾਰਤ ਨੂੰ ਮਿਲਿਆ ਇਨ੍ਹਾਂ ਦੇਸ਼ਾਂ ਦਾ ਸਾਥ

08/21/2019 3:28:46 PM

ਢਾਕਾ— ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦਾ ਪੱਲਾ ਹੌਲਾ ਪੈਂਦਾ ਜਾ ਰਿਹਾ ਹੈ। ਥਾਂ-ਥਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪਾਕਿਸਤਾਨ ਦੇ ਹੱਥ ਅਸਫਲਤਾ ਹੀ ਲੱਗ ਰਹੀ ਹੈ। ਇਸ ਮੁੱਦੇ 'ਤੇ ਜ਼ਿਆਦਾਤਰ ਦੇਸ਼ਾਂ ਨੇ ਭਾਰਤ ਦਾ ਹੀ ਸਾਥ ਦਿੱਤਾ ਤੇ ਇਸ ਸੂਚੀ 'ਚ ਹੁਣ ਦੋ ਹੋਰ ਨਾਂ ਬੰਗਲਾਦੇਸ਼ ਤੇ ਫਰਾਂਸ ਜੁੜ ਗਏ ਹਨ।

ਬੰਗਲਾਦੇਸ਼ ਤੇ ਫਰਾਂਸ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਰੱਦ ਕਰਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣਾ ਸਾਰੇ ਦੇਸ਼ਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਇਸ ਮੁੱਦੇ 'ਤੇ ਬੰਗਲਾਦੇਸ਼ ਦੀ ਪ੍ਰਤੀਕਿਰਿਆ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੇ ਦੌਰੇ ਤੋਂ ਇਕ ਦਿਨ ਬਾਅਦ ਆਈ ਹੈ, ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਥੇ ਇਕ ਬਿਆਨ 'ਚ ਕਿਹਾ, ''ਬੰਗਲਾਦੇਸ਼ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਵਲੋਂ ਧਾਰਾ 370 ਨੂੰ ਖਤਮ ਕਰਨ ਦਾ ਫੈਸਲਾ ਉਸ ਦਾ ਅੰਦਰੂਨੀ ਮੁੱਦਾ ਹੈ।'' ਉਥੇ ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ ਯੇਵਸ ਲੇ ਦ੍ਰਿਯਾਂ ਨੇ ਕਿਹਾ ਕਿ ਇਸ ਮਾਮਲੇ 'ਚ ਫਰਾਂਸ ਦਾ ਰੁਖ ਇਹ ਹੀ ਰਿਹਾ ਹੈ ਕਿ ਇਹ ਦੋ ਦੇਸ਼ਾਂ ਦੇ ਵਿਚਾਲੇ ਦਾ ਮਾਮਲਾ ਹੈ ਤੇ ਇਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਬਹੁਤ ਵਧ ਗਿਆ ਹੈ। ਪਾਕਿਸਤਾਨ ਨੇ ਕਈ ਦੇਸ਼ਾਂ ਨੂੰ ਇਸ ਮਾਮਲੇ 'ਚ ਦਖਲ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਇਹ ਕਹਿੰਦਿਆ ਆਪਣਾ ਪੱਲਾ ਝਾੜ ਦਿੱਤਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਦਾ ਰੁਖ ਕੀਤਾ ਪਰ ਉਥੇ ਵੀ ਉਸ ਦੇ ਹੱਥ ਕੁਝ ਖਾਸ ਨਹੀਂ ਲੱਗਾ ਤੇ ਹੁਣ ਉਸ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਅਦਾਲਕ (ਆਈ.ਸੀ.ਜੇ.) 'ਚ ਚੁੱਕਣ ਦਾ ਮਨ ਬਣਾਇਆ ਹੈ।


Baljit Singh

Content Editor

Related News