ਕਿਸੇ ਗਿਰੋਹ ਨਾਲ ਸਬੰਧਤ ਨਹੀਂ ਸੀ ਕਤਲ ਹੋਇਆ ਪੰਜਾਬੀ ਨੌਜਵਾਨ : ਕੈਨੇਡੀਅਨ ਪੁਲਸ

12/8/2019 1:14:36 PM

ਐਬਟਸਫੋਰਡ— ਕੈਨੇਡਾ 'ਚ ਪਿਛਲੇ ਸਾਲ ਪੰਜਾਬੀ ਵਿਦਿਆਰਥੀ ਜਗਵੀਰ ਸਿੰਘ ਮੱਲ੍ਹੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਸਥਾਨਕ ਪੁਲਸ ਨੇ ਦੱਸਿਆ ਕਿ ਜਗਵੀਰ ਸਿੰਘ ਦਾ ਕਿਸੇ ਵੀ ਗਿਰੋਹ ਨਾਲ ਸਬੰਧ ਨਹੀਂ ਸੀ। ਉਹ ਇਕ ਹੋਣਹਾਰ ਵਿਦਿਆਰਥੀ ਸੀ ਤੇ ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਤਾਂ ਅਜੇ ਤਕ ਪਤਾ ਨਹੀਂ ਲੱਗ ਸਕਿਆ। 19 ਸਾਲਾ ਜਗਵੀਰ ਦਾ ਪਿਛੋਕੜ ਫਗਵਾੜਾ ਦੇ ਪਿੰਡ ਮਹੇੜੂ ਤੋਂ ਸੀ। ਐਬਟਸਫੋਰਡ ਦੇ ਬਾਹਰਲੇ ਖੇਤਰ 'ਚੋਂ 12 ਨਵੰਬਰ, 2018 'ਚ ਉਸ ਦੀ ਲਾਸ਼ ਮਿਲੀ ਸੀ। ਪੁਲਸ ਮੁਤਾਬਕ ਜਾਂਚ 'ਚ ਪਤਾ ਲੱਗਾ ਹੈ ਕਿ ਜਗਵੀਰ ਆਪਣੀ ਕਾਰ 'ਚ ਸਵਾਰ ਹੋ ਕੇ ਕਾਲਜ ਜਾ ਰਿਹਾ ਸੀ ਕਿ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ ਗਿਆ। ਉਸ ਨੂੰ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਬਚਾਇਆ ਨਾ ਜਾ ਸਕਿਆ। ਸਾਰਜੈਂਟ ਫਰੈਂਕ ਜੈਂਗ ਮੁਤਾਬਕ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਰੁਚੀ ਰੱਖਦਾ ਸੀ। ਉਹ ਕੌਮੀ ਪੱਧਰ 'ਤੇ ਬਾਸਕਟਬਾਲ ਖੇਡਦਾ ਸੀ। ਇਸ ਤੋਂ ਇਲਾਵਾ ਉਹ ਪੁਲਸ ਨਾਲ ਵਲੰਟੀਅਰ ਸੇਵਾਵਾਂ ਵੀ ਨਿਭਾਅ ਰਿਹਾ ਸੀ।

ਪਰਿਵਾਰ ਮੁਤਾਬਕ ਉਨ੍ਹਾਂ ਦਾ ਪੁੱਤਰ ਜੇਲ ਅਧਿਕਾਰੀ ਬਣਨ ਦੇ ਸੁਪਨੇ ਦੇਖ ਰਿਹਾ ਸੀ। ਉਹ ਇਕ ਨੇਕ ਦਿਲ ਤੇ ਹੋਣਹਾਰ ਬੱਚਾ ਸੀ। ਇਕ ਸਾਲ ਤੋਂ ਵਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਇਸ ਬੱਚੇ ਨਾਲ ਕਿਸੇ ਦਾ ਕੀ ਵੈਰ ਸੀ, ਜੋ ਉਸ ਨੂੰ ਉਸ ਦੇ ਪਰਿਵਾਰ ਤੋਂ ਹਮੇਸ਼ਾ ਲਈ ਵੱਖਰਾ ਕਰ ਦਿੱਤਾ ਗਿਆ।