ਅਮਰੀਕਾ ’ਚ ਕੋਰੋਨਾ ਮਹਾਮਾਰੀ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਰਿਕਾਰਡ 93,000 ਮੌਤਾਂ
Thursday, Jul 15, 2021 - 02:22 AM (IST)
ਇੰਟਰਨੈਸ਼ਨਲ ਡੈਸਕ : ਅਮਰੀਕੀ ਸਰਕਾਰ ਨੇ ਬੁੱਧਵਾਰ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਸਾਲ ਦੇਸ਼ ’ਚ ਨਸ਼ੇ ਦੀ ਓਵਰਡੋਜ਼ ਨਾਲ ਰਿਕਾਰਡ 93,000 ਲੋਕਾਂ ਦੀ ਮੌਤ ਹੋਈ ਹੈ। ਅੰਕੜਿਆਂ ਦੇ ਅਨੁਸਾਰ ਇਹ ਪਿਛਲੇ ਸਾਲ ‘ਡਰੱਗ ਓਵਰਡੋਜ਼’ ਕਾਰਨ ਹੋਈਆਂ 72,000 ਮੌਤਾਂ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਓਵਰਡੋਜ਼ ਦੇ ਮਾਮਲਿਆਂ ’ਤੇ ਨੇੜਲੀ ਨਜ਼ਰ ਰੱਖਣ ਵਾਲੇ ਬ੍ਰਾਊਨ ਯੂਨੀਵਰਸਿਟੀ ਦੇ ਪਬਲਿਕ ਹੈਲਥ ਰਿਸਰਚਰ ਬ੍ਰਾਂਡਨ ਮਾਰਸ਼ਲ ਨੇ ਕਿਹਾ, ‘ਇਹ ਬਹੁਤ ਵੱਡਾ ਜਾਨੀ ਨੁਕਸਾਨ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਹੀ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਨਾਲ ਜੂਝ ਰਿਹਾ ਸੀ ਪਰ "ਕੋਵਿਡ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ।"
ਇਹ ਵੀ ਪੜ੍ਹੋ : ...ਤੇ ਜਦੋਂ ਇਸ ਦੇਸ਼ ਦੇ ਰਾਸ਼ਟਰਪਤੀ ਦਾ ਹਿਚਕੀਆਂ ਨੇ ਕੀਤਾ ਬੁਰਾ ਹਾਲ, ਹਸਪਤਾਲ ’ਚ ਦਾਖਲ
ਮਾਹਿਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਨਾਲ ਜੁੜੀ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਨੇ ਨਸ਼ਿਆਂ ਨਾਲ ਜੂਝ ਰਹੇ ਲੋਕਾਂ ਨੂੰ ਆਪਣਾ ਇਲਾਜ ਕਰਾਉਣਾ ਮੁਸ਼ਕਿਲ ਕਰ ਦਿੱਤਾ। ਪਿਛਲੇ ਸਾਲ ਨਸ਼ੇ ਦੀ ਓਵਰਡੋਜ਼ ਨਾਲ ਜੌਰਡਨ ਮੈਕਗਲਾਸ਼ੇਨ ਦੀ ਮਿਸ਼ੀਗਨ ਸਥਿਤ ਅਪਾਰਟਮੈਂਟ ’ਚ ਮੌਤ ਹੋ ਗਈ। ਜੌਰਡਨ ਨੂੰ ਉਸ ਦੇ 39ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ 6 ਮਈ ਨੂੰ ਮ੍ਰਿਤਕ ਐਲਾਨਿਆ ਗਿਆ ਸੀ। ਜੌਰਡਨ ਦੀ ਮੌਤ ਹੈਰੋਇਨ ਅਤੇ ਫੈਂਟਾਨਿਲ ਨਸ਼ੇ ਦੀ ਓਵਰਡੋਜ਼ ਨਾਲ ਹੋਈ। ਇਕ ਸਮਾਂ ਸੀ ਜਦੋਂ ਅਮਰੀਕਾ ’ਚ ਜ਼ਿਆਦਾਤਰ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਰਦ ਦੀਆਂ ਦਵਾਈਆਂ ਲੈਣ ਨਾਲ ਹੁੰਦੀਆਂ ਸਨ ਪਰ ਹੌਲੀ-ਹੌਲੀ ਉਨ੍ਹਾਂ ਦੀ ਥਾਂ ਹੈਰੋਇਨ ਅਤੇ ਫੈਂਟਾਨਿਲ ਨੇ ਲੈ ਲਈ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਹੀਆਂ ਵੱਡੀਆਂ ਗੱਲਾਂ
ਪੇਨਕਿਲਰ ਦਵਾਈ ਫੈਂਟਾਨਿਲ ਕੈਂਸਰ ਅਤੇ ਇਸ ਤਰ੍ਹਾਂ ਦੀਆਂ ਹੋਰ ਜਾਨਲੇਵਾ ਬੀਮਾਰੀਆਂ ਕਾਰਨ ਹੋਣ ਵਾਲੇ ਗੰਭੀਰ ਦਰਦ ਤੋਂ ਛੁਟਕਾਰਾ ਪਾਉਣ ਲਈ ਵਿਕਸਿਤ ਕੀਤੀਆਂ ਗਈਆਂ ਸਨ ਪਰ ਇਸ ਨੂੰ ਤੇਜ਼ੀ ਨਾਲ ਗੈਰ-ਕਾਨੂੰਨੀ ਢੰਗ ਨਾਲ ਵੇਚਿਆ ਜਾ ਰਿਹਾ ਹੈ ਅਤੇ ਹੋਰ ਦਵਾਈਆਂ ਨਾਲ ਮਿਲਾਇਆ ਜਾ ਰਿਹਾ ਹੈ। ‘ਡਰੱਗ ਓਵਰਡੋਜ਼' ਦੇ ਭੂਗੋਲਿਕ ਸੁਭਾਅ ਦਾ ਅਧਿਐਨ ਕਰਨ ਵਾਲੇ ਸਿਰਾਕਸ ਯੂਨੀਵਰਸਿਟੀ ’ਚ ਸਮਾਜ ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਸ਼ੈਨਨ ਮੋਨਾਤ ਨੇ ਕਿਹਾ, ''ਓਵਰਡੋਜ਼ ਦੇ ਮਾਮਲਿਆਂ ’ਚ ਇਹ ਬੇਮਿਸਾਲ ਵਾਧਾ ਬਹੁਤ ਜ਼ਹਿਰੀਲੀਆਂ ਦਵਾਈਆਂ ਦੀ ਸਪਲਾਈ ਕਾਰਨ ਹੋਇਆ ਹੈ।’’ ਉਨ੍ਹਾਂ ਨੇ ਕਿਹਾ, ‘‘ਵਧੀ ਹੋਈ ਗਿਣਤੀ ਦਾ ਜ਼ਿਆਦਾਤਰ ਹਿੱਸਾ ਕਿਸੇ ਨਾ ਕਿਸੇ ਰੂਪ ਵਿਚ ਫੈਂਟਾਨਿਲ ਨਾਲ ਦੂਸ਼ਿਤ ਹੈ। ਹੈਰੋਇਨ ਦੂਸ਼ਿਤ ਹੈ। ਕੋਕੀਨ ਦੂਸ਼ਿਤ ਹੈ। ਮੈਥਾਮਫੇਟਾਮਾਈਨ ਦੂਸ਼ਿਤ ਹੈ। ਮੋਨਾਤ ਨੇ ਕਿਹਾ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਪਿਛਲੇ ਸਾਲ ਜ਼ਿਆਦਾ ਅਮਰੀਕੀਆਂ ਨੇ ਨਸ਼ੇ ਲੈਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਸ਼ਾਇਦ ਪਹਿਲਾਂ ਹੀ ਨਸ਼ਿਆਂ ਦੀ ਪਕੜ ’ਚ ਆਏ ਲੋਕਾਂ ਕਾਰਨ ਹੋਇਆ ਸੀ।