ਆਸਟ੍ਰੇਲੀਆ ''ਚ ਸਿੱਖ ਡਰਾਈਵਰ ਨੂੰ ਪੱਗ ਉਤਾਰਣ ਲਈ ਕੀਤਾ ਮਜਬੂਰ

Friday, Oct 11, 2019 - 09:54 PM (IST)

ਆਸਟ੍ਰੇਲੀਆ ''ਚ ਸਿੱਖ ਡਰਾਈਵਰ ਨੂੰ ਪੱਗ ਉਤਾਰਣ ਲਈ ਕੀਤਾ ਮਜਬੂਰ

ਮੈਲਬੋਰਨ— ਵਿਦੇਸ਼ਾਂ 'ਚ ਭਾਰਤੀਆਂ ਤੇ ਪੰਜਾਬੀਆਂ ਨਾਲ ਵਿਤਕਰੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਸਾਹਮਣੇ ਆਏ ਮਾਮਲੇ 'ਚ ਆਸਟ੍ਰੇਲੀਆ ਦੇ ਇਕ ਸਿੱਖ ਟਰੱਕ ਡਰਾਈਵਰ ਨੂੰ ਸਿਰਫ਼ ਇਸ ਕਰ ਕੇ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੀ ਪੱਗ ਲਾਹ ਕੇ ਟੋਪੀ ਪਾ ਕੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਘਟਨਾ ਮੈਲਬੋਰਨ ਦੇ ਐਲਟੋਨਾ ਸਥਿਤ ਇਕ ਕੰਪਨੀ ਦੇ ਡਿਸਟੀਬਿਊਟਰ ਸੈਂਟਰ 'ਚ ਵਾਪਰੀ। ਸਿੱਖ ਟਰੱਕ ਡਰਾਈਵਰ ਨੇ ਆਪਣੀ ਪਛਾਣ ਜਨਤਕ ਨਾ ਕੀਤੇ ਜਾਣ ਦੀ ਸ਼ਰਤ 'ਤੇ ਇਕ ਅੰਗਰੇਜ਼ੀ ਵੈੱਬਸਾਈਟ ਨੂੰ ਦੱਸਿਆ ਕਿ ਉਹ ਸਮਾਨ ਲੱਦਣ ਲਈ ਕੰਪਨੀ ਦੇ ਵੰਡ ਕੇਂਦਰ ਪੁੱਜਿਆ ਪਰ ਉਥੇ ਤਾਇਨਾਤ ਕਰਮਚਾਰੀਆਂ ਨੇ ਉਸ ਨੂੰ ਅੰਦਰ ਜਾਣ ਤੋਂ ਪਹਿਲਾਂ ਪੱਗ ਉਤਾਰ ਕੇ ਟੋਪੀ ਪਾਉਣ ਦੀ ਹਦਾਇਤ ਦਿੱਤੀ। ਸਿੱਖ ਡਰਾਈਵਰ ਨੇ ਦੱਸਿਆ ਕਿ ਉਥੇ ਮੌਜੂਦ ਹੋਰਨਾਂ ਟਰੱਕ ਡਰਾਈਵਰਾਂ ਨੇ ਮਾਮਲੇ 'ਚ ਦਖ਼ਲ ਦਿੰਦਿਆਂ ਕੰਪਨੀ ਦੇ ਮੁਲਾਜ਼ਮਾਂ ਨੂੰ ਪੱਗ ਦੀ ਅਹਿਮੀਅਤ ਬਾਰੇ ਸਮਝਾਇਆ ਪਰ ਉਨ੍ਹਾਂ 'ਤੇ ਕੋਈ ਅਸਰ ਨਾ ਹੋਇਆ। ਸਿੱਖ ਡਰਾਈਵਰ ਇਸ ਲਈ ਵੀ ਹੈਰਾਨ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਉਸ ਨਾਲ ਅਜਿਹਾ ਵਿਹਾਰ ਨਹੀਂ ਕੀਤਾ ਗਿਆ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਟੈਕਸੀ ਤੇ ਟ੍ਰਕਿੰਗ ਉਦਯੋਗ 'ਚ ਸਭ ਤੋਂ ਜ਼ਿਆਦਾ ਗਿਣਤੀ ਪੰਜਾਬੀ ਡਰਾਈਵਰਾਂ ਦੀ ਹੈ ਪਰ ਅਜਿਹੀ ਸਮੱਸਿਆ ਕਦੇ-ਕਦਾਈਂ ਹੀ ਸਾਹਮਣੇ ਆਉਂਦੀ ਹੈ। ਉਧਰ ਕੰਪਨੀ ਵੱਲੋਂ ਮਾਮਲੇ ਦੀ ਸਮੀਖਿਆ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਬਿਨਾਂ ਟੋਪੀ ਪਹਿਨੇ ਕਿਸੇ ਵੀ ਵਿਅਕਤੀ ਨੂੰ ਕੇਂਦਰ 'ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।


author

Baljit Singh

Content Editor

Related News