ਵੈਨਜ਼ੁਏਲਾ ਸਥਿਤ ਸਪੇਨ ਦੇ ਦੂਤਘਰ ਵਿਚ ਬੋਤਲ ਬੰਬ ਸੁੱਟਿਆ ਗਿਆ
Friday, Aug 04, 2017 - 11:50 AM (IST)
ਕਾਰਾਕਸ — ਮੋਟਰਸਾਇਕਲ ਉੱਤੇ ਸਵਾਰ ਦੋ ਲੋਕਾਂ ਨੇ ਕਾਰਾਕਸ ਵਿਚ ਸਪੇਨ ਦੇ ਦੂਤਘਰ ਉੱਤੇ ਬੋਤਲ ਬੰਬ (ਮੋਲੋਟੋਵ ਕਾਕਟੇਲ) ਸੁੱਟ ਕੇ ਹਮਲਾ ਕੀਤਾ । ਹਾਲਾਂਕਿ ਇਸ ਹਮਲੇ ਵਿਚ ਕੋਈ ਨੁਕਸਾਨ ਨਹੀਂ ਹੋਇਆ । ਵੈਨਜ਼ੁਏਲਾ ਦੇ ਇਸਤਗਾਸਾ ਦਫਤਰ ਨੇ ਇਹ ਜਾਣਕਾਰੀ ਦਿੱਤੀ ਹੈ । ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਇਕ ਬੋਤਲ ਬੰਬ ਵਿਚ ਗੈਸੋਲੀਨ ਵਰਗਾ ਅਜਿਹਾ ਹੀ ਕੋਈ ਜਲਣਸ਼ੀਲ ਤਰਲ ਪਦਾਰਥ ਭਰਿਆ ਹੋਇਆ ਸੀ । ਹਾਲਾਂਕਿ ਇਸ ਬੋਤਲ ਨਾਲ ਧਮਾਕਾ ਨਹੀਂ ਹੋਇਆ ਕਿਉਂਕਿ ਭਾਰੀ ਮੀਂਹ ਕਾਰਨ ਉਸ ਦੀ ਚੰਗਿਆੜੀ ਬੁੱਝ ਗਈ । ਦੂਤਘਰ ਦੀ ਇਕ ਕਰਮਚਾਰੀ ਨਾਲ ਸੰਪਰਕ ਕਰਨ ਉੱਤੇ ਉਨ੍ਹਾਂ ਕਿਹਾ ਕਿ ਉਹ ਘਟਨਾ ਉੱਤੇ ਟਿੱਪਣੀ ਕਰਨ ਲਈ ਅਧਿਕਾਰਤ ਨਹੀਂ ਹੈ ।
ਵੀਰਵਾਰ ਨੂੰ ਇਹ ਹਮਲਾ ਵੈਨਜ਼ੁਏਲਾ ਦੀ ਤਣਾਅਪੂਰਨ ਸੁਰੱਖਿਆ ਹਾਲਾਤ ਦੌਰਾਨ ਹੋਇਆ ਹੈ । ਇੱਥੇ ਨਵੀਂ 'ਸੰਵਿਧਾਨ ਸਭਾ' ਖਿਲਾਫ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਵਧ ਰਿਹਾ ਹੈ । ਇਹ ਸੰਵਿਧਾਨ ਸਭਾ ਆਪਣੀ ਵਿਆਪਕ ਸ਼ਕਤੀਆਂ ਨਾਲ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ । ਸਪੇਨ ਵਿਸ਼ੇਸ਼ ਰੂਪ ਨਾਲ ਇਸ ਨਵੀਂ ਸੰਵਿਧਾਨ ਸਭਾ ਦਾ ਵਿਰੋਧ ਕਰ ਰਿਹਾ ਹੈ । ਇਸ ਨਵੀਂ ਸੰਵਿਧਾਨ ਸਭਾ ਦਾ ਗਠਨ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵੱਲੋਂ ਕੀਤਾ ਗਿਆ ਹੈ । ਸਪੇਨ ਅਤੇ ਬਾਕੀ ਯੂਰੋਪੀ ਸੰਘ ਨੇ ਕਿਹਾ ਹੈ ਕਿ ਉਹ ਇਸ ਸੰਵਿਧਾਨ ਸਭਾ ਨੂੰ ਮਾਣਤਾ ਨਹੀਂ ਦੇਣਗੇ । ਵੈਨਜ਼ੁਏਲਾ ਦੇ ਇਸਤਗਾਸਾ ਦਫਤਰ ਅਨੁਸਾਰ ਮੋਟਰਸਾਇਕਲ ਸਵਾਰ 2 ਅਣਪਛਾਤੇ ਵਿਅਕਤੀਆਂ ਨੇ ਇੱਥੋਂ ਦੇ ਅੰਦਰੂਨੀ ਪੂਰਬੀ ਜ਼ਿਲੇ ਚਕਾਓ ਵਿਚ ਸਥਿਤ ਸਪੇਨ ਦੂਤਘਰ ਵਿਚ ਕਈ ਬੋਤਲ ਬੰਬ ਸੁੱਟੇ । ਚਕਾਓ ਦੇ ਮੇਅਰ ਰੋਮਨ ਮੁਚਾਚੋ ਨੇ ਸਮਾਚਾਰ ਏਜੰਸੀ ਨੂੰ ਹਮਲੇ ਦੀਆਂ ਤਸਵੀਰਾਂ ਭੇਜੀਆਂ ਹਨ, ਜਿਸ ਵਿਚੋਂ ਇਕ ਤਸਵੀਰ ਵਿਚ ਸੋਡੇ ਦੀ ਬੋਤਲ ਦਿਸ ਰਹੀ ਹੈ, ਜਿਸ ਵਿਚ ਗੈਸੋਲੀਨ ਵਰਗਾ ਕੁਝ ਪਦਾਰਥ ਭਰਿਆ ਹੋਇਆ ਹੈ । ਇਸ ਵਿਚ ਲਾਲ ਰੰਗ ਦੇ ਕੱਪੜੇ ਨੂੰ ਬੋਤਲ ਵਿਚ ਪਾਇਆ ਹੋਇਆ ਹੈ, ਜਦੋਂ ਕਿ ਦੂਜੀ ਬੋਤਲ 'ਤੇ ਕਾਲੇ ਰੰਗ ਦਾ ਇਕ ਨਿਸ਼ਾਨ ਲੱਗਾ ਹੈ, ਜਿਸ ਨਾਲ ਛੋਟਾ ਧਮਾਕਾ ਕੀਤਾ ਜਾ ਸਕਦਾ ਹੈ । ਹਾਲਾਂਕਿ ਇਸਤਗਾਸਾ ਪੱਖ ਅਤੇ ਮੇਅਰ ਨੇ ਇਸ ਹਮਲੇ ਦਾ ਸਬੰਧ ਵੈਨਜ਼ੁਏਲਾ ਦੀ ਰਾਜਨੀਤਕ ਸਥਿਤੀ ਨਾਲ ਹੋਣ ਤੋਂ ਇਨਕਾਰ ਕੀਤਾ ਹੈ ।
