ਸਾਊਦੀ ਅਰਬ ਦੇ ਕਬਰਸਤਾਨ ''ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ

11/11/2020 8:00:00 PM

ਪੈਰਿਸ - ਫਰਾਂਸ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਬੁੱਧਵਾਰ ਨੂੰ ਸਾਊਦੀ ਅਰਬ ਦੇ ਸ਼ਹਿਰ ਜੇੱਦਾਹ ਦੇ ਇਕ ਕਬਰਸਤਾਨ ਵਿਚ, ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੀ ਯਾਦ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਹੋਏ ਧਮਾਕੇ ਵਿਚ ਕਈ ਲੋਕ ਜ਼ਖਮੀ ਹੋ ਗਏ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ-ਮੁਸਲਿਮ ਕਬਰਸਤਾਨ ਵਿਚ ਆਯੋਜਿਤ ਹੋਏ ਇਸ ਪ੍ਰੋਗਰਾਮ ਵਿਚ ਕਈ ਦੇਸ਼ਾਂ ਦੇ ਨੁਮਾਇੰਦ ਮੌਜੂਦ ਸਨ। ਹਾਲਾਂਕਿ, ਜ਼ਖਮੀਆਂ ਦੀ ਪਛਾਣ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪਹਿਲਾ ਵਿਸ਼ਵ ਯੁੱਧ ਅੱਜ ਹੀ ਦੇ ਦਿਨ ਖਤਮ ਹੋਇਆ ਸੀ ਅਤੇ ਬੁੱਧਵਾਰ ਨੂੰ ਇਸ ਦੀ ਸਮਾਪਤੀ ਦੇ 102 ਸਾਲ ਪੂਰੇ ਹੋਣ ਦੇ ਚੱਲਦੇ ਯੂਰਪ ਦੇ ਕਈ ਦੇਸ਼ਾਂ ਵਿਚ ਵੀ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਜੇੱਦਾਹ ਸ਼ਹਿਰ ਵਿਚ ਸਥਿਤ ਫਰਾਂਸ ਦੇ ਦੂਤਘਰ 'ਤੇ ਤਾਇਨਾਤ ਇਕ ਗਾਰਡ 'ਤੇ 29 ਅਕਤੂਬਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ। ਫਰਾਂਸ ਵਿਚ ਇਕ ਅਧਿਆਪਕ ਵੱਲੋਂ ਕਲਾਸ ਵਿਚ ਪੈਗੰਬਰ ਦਾ ਕਾਰਟੂਨ ਦਿਖਾਏ ਜਾਣ ਤੋਂ ਬਾਅਦ ਇਕ ਵਿਦਿਆਰਥੀ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ ਜਿਸ ਤੋਂ ਬਾਅਦ ਮੁਸਲਿਮ ਦੇਸ਼ਾਂ ਵਿਚ ਫਰਾਂਸ ਖਿਲਾਫ ਵਿਰੋਧ ਹੋ ਰਿਹਾ ਹੈ। ਅਜਿਹੇ ਵਿਚ ਜਾਰੀ ਤਣਾਅ ਵਿਚਾਲੇ ਫਰਾਂਸ ਨੇ ਸਾਊਦੀ ਅਰਬ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।


Khushdeep Jassi

Content Editor

Related News