ਕੈਨੇਡਾ 'ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

03/22/2024 4:13:33 PM

ਟੋਰਾਂਟੋ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਪਹਿਲੀ ਵਾਰ ਆਪਣੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਅਤੇ ਅਸਥਾਈ ਇਮੀਗ੍ਰੇਸ਼ਨ 'ਤੇ ਸੀਮਾ ਨਿਰਧਾਰਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਰਿਹਾਇਸ਼ ਦੀ ਘਾਟ ਨੂੰ ਪੂਰਾ ਕਰਨ ਅਤੇ ਜ਼ਰੂਰੀ ਸੇਵਾਵਾਂ ਦਾ ਵਿਸਥਾਰ ਕਰਨ ਲਈ ਕੰਮ ਕਰ ਰਹੀ ਹੈ। ਟਰੂਡੋ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲੋਕ ਨੂੰ ਹੁਣ ਕੈਨੇਡਾ ਦੇ ਵਿਜ਼ਟਰ ਵੀਜ਼ੇ ਨੂੰ ਵੀ ਤਰਸਣਗੇ। ਜੀ ਹਾਂ, ਕੈਨੇਡਾ ਸਰਕਾਰ ਵਿਜ਼ਟਰ ਵੀਜ਼ਿਆਂ ਵਿਚ ਵੱਡੀ ਕਟੌਤੀ ਕਰਨ ਜਾ ਰਹੀ ਹੈ।

ਹਾਲ ਹੀ ਦੇ ਸਾਲਾਂ ਵਿੱਚ ਆਰਜ਼ੀ ਵੀਜ਼ਿਆਂ 'ਤੇ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਹੋਰ ਅਸਥਾਈ ਨਿਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਲੇਬਰ ਪਾੜੇ ਨੂੰ ਘੱਟ ਕਰਨ ਲਈ ਇਮੀਗ੍ਰੇਸ਼ਨ 'ਤੇ ਨਿਰਭਰ ਹੈ। ਮਿਲਰ ਨੇ ਕਿਹਾ ਕਿ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਕੁੱਲ ਆਬਾਦੀ ਦੇ 6.5% ਤੋਂ ਅਸਥਾਈ ਨਿਵਾਸੀਆਂ ਨੂੰ 2023 ਵਿੱਚ ਘਟਾ ਕੇ 5% ਕਰਨਾ ਚਾਹੁੰਦੀ ਹੈ। ਇਹ 2023 ਵਿੱਚ ਕੈਨੇਡਾ ਦੇ 2.5 ਮਿਲੀਅਨ ਅਸਥਾਈ ਨਿਵਾਸੀਆਂ ਤੋਂ ਲਗਭਗ 20% ਦੀ ਕਟੌਤੀ ਹੋਵੇਗੀ। ਆਉਂਦੇ ਤਿੰਨ ਸਾਲ ਦੌਰਾਨ ਹੋਣ ਵਾਲੀ ਕਟੌਤੀ ਕੌਮਾਂਤਰੀ ਵਿਦਿਆਰਥੀਆਂ, ਵਿਦੇਸ਼ੀ ਕਾਮਿਆਂ ਅਤੇ ਪਨਾਹ ਮੰਗਣ ਵਾਲਿਆਂ ’ਤੇ ਵੀ ਲਾਗੂ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਸਿੱਖ ਮੈਰਿਜ ਐਕਟ 'ਚ ਸੋਧ ਦੀ ਤਿਆਰੀ, 18 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਕਰ ਸਕਣਗੇ ਵਿਆਹ

ਮਿਲਰ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਮਈ ਵਿੱਚ ਆਪਣੇ ਸੂਬਾਈ ਅਤੇ ਖੇਤਰੀ ਹਮਰੁਤਬਾ ਨਾਲ ਇੱਕ ਮੀਟਿੰਗ ਬੁਲਾਏਗਾ। ਮਿਲਰ ਨੇ ਓਟਵਾ ਵਿੱਚ ਪੱਤਰਕਾਰਾਂ ਨੂੰ ਕਿਹਾ, "ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਦੇਸ਼ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਇੱਕ ਟਿਕਾਊ ਪੱਧਰ 'ਤੇ ਹੈ।" ਇੀਮੀਗ੍ਰੇਸ਼ਨ ਮੰਤਰੀ ਨੇ ਮੰਨਿਆ ਕਿ ਕਿਰਤੀਆਂ ਦੀ ਜ਼ਰੂਰਤ ਪੂਰੀ ਕਰਨ ਲਈ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣਾ ਪੈਂਦਾ ਹੈ ਪਰ ਹੁਣ ਸਿਸਟਮ ਨੂੰ ਵਧੇਰੇ ਕਾਰਗਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਨਵੀਂ ਨੀਤੀ ਤਹਿਤ ਕੈਨੇਡਾ ਦੇ ਵੱਡੇ ਕਿਸਾਨਾਂ ਅਤੇ ਕਾਰੋੋਬਾਰੀ ਅਦਾਰਿਆਂ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 1 ਮਈ ਤੱਕ ਘਟਾਉਣ ਲਈ ਆਖਿਆ ਗਿਆ ਹੈ ਪਰ ਇਸ ਦੇ ਨਾਲ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸੱਦਣ ਦੀ ਪ੍ਰਕਿਰਿਆ ਸੁਖਾਲੀ ਵੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕੰਮਾਂ ਲਈ ਵਿਦੇਸ਼ਾਂ ਤੋਂ ਕਿਰਤੀ ਸੱਦੇ ਜਾ ਸਕਣ, ਜਿਨ੍ਹਾਂ ਲਈ ਕੈਨੇਡਾ ਵਿਚ ਕਾਮੇ ਨਹੀਂ ਮਿਲਦੇ। 31 ਅਗਸਤ ਤੱਕ ਕੈਨੇਡਾ ਆਉਣ ਵਾਲਿਆਂ ਨੂੰ ਨਵੇਂ ਨਿਯਮਾਂ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ ਆਰ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ 10 ਲੱਖ ਲੋਕ ਅਜਿਹੇ ਰਹਿ ਰਹੇ ਹਨ ਜੋ ਆਪਣਾ ਵਿਜ਼ਟਰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਵਾਪਸ ਨਹੀਂ ਗਏ। ਇਨ੍ਹਾਂ ਵਿਚੋਂ ਹਜ਼ਾਰਾਂ ਪੰਜਾਬੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News