ਪਾਕਿ ''ਚ ਅਗਵਾ ਕੀਤੀ ਗਈ 14 ਸਾਲ ਦੀ ਹਿੰਦੂ ਲੜਕੀ ਦਾ ਜਬਰਨ ਕਰਵਾਇਆ ਨਿਕਾਹ
Sunday, Apr 26, 2020 - 01:00 AM (IST)
 
            
            ਲੰਡਨ (ਏਜੰਸੀ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਚੁੰਡੀਕੋ ਸ਼ਹਿਰ ਤੋਂ ਦੋ ਹਿੰਦੂ ਕੁੜੀਆਂ ਦੇ ਅਗਵਾ ਹੋਣ ਦੀ ਘਟਨਾ 'ਤੇ ਵਿਸ਼ਵ ਸਿੰਧੀ ਕਾਂਗਰਸ (ਡਬਲਿਊ.ਐਸ.ਸੀ.) ਨੇ ਨਿੰਦਿਆ ਕੀਤੀ ਹੈ। ਘਟਨਾ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪਾਕਿਸਤਾਨ ਸਰਕਾਰ ਨੇ ਇਸ 'ਤੇ ਛੇਤੀ ਸਖ਼ਤ ਕਦਮ ਚੁੱਕਦੇ ਹੋਏ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਉਣ ਅਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੋਵੇਂ ਭੈਣਾਂ ਨੂੰ ਇਸੇ ਹਫਤੇ ਅਗਵਾ ਕੀਤਾ ਗਿਆ ਹੈ ਅਤੇ ਇਸ ਦੇ ਲਈ ਸਥਾਨਕ ਸੰਸਦ ਮੈਂਬਰ ਦੇ ਭਰਾ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।
ਸਿੰਧੀ ਕਾਂਗਰਸ ਦੀ ਪ੍ਰਮੁੱਖ ਰੂਬੀਨਾ ਗ੍ਰੀਨਵੁਡ ਨੇ ਦੱਸਿਆ ਕਿ ਪਾਕਿਸਤਾਨ ਵਿਚ ਰਹਿਣ ਵਾਲੇ ਸਿੰਧੀ ਹਿੰਦੂਆਂ 'ਤੇ ਜਿਸ ਤਰ੍ਹਾਂ ਦੇ ਜੁਲਮ ਹੋ ਰਹੇ ਹਨ, ਉਨ੍ਹਾਂ ਨੂੰ ਦੇਖ- ਸੁਣ ਕੇ ਦਿਲ ਦਹਿਲ ਜਾਂਦਾ ਹੈ। ਇਸੇ ਹਫਤੇ ਸੁਥੀ ਅਤੇ ਸ਼ਮਾ ਨਾਮ ਦੀ ਨਾਬਾਲਗ ਭੈਣਾਂ ਨੂੰ ਜਨਤਕ ਥਾਵਾਂ ਤੋਂ ਜ਼ਬਰਦਸਤੀ ਅਗਵਾ ਕਰ ਲਿਆ ਗਿਆ। ਪੁਲਸ ਨੇ ਦੋਹਾਂ ਭੈਣਾਂ ਦੇ ਅਗਵਾ ਦੀ ਰਿਪੋਰਟ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਵਿਚੋਂ 14 ਸਾਲ ਦੀ ਸੁਥੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਉਸ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ ਹੈ ਅਤੇ ਉਸ ਨੇ 40 ਸਾਲ ਦੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ। ਅਗਵਾ ਕੀਤੀ ਗਈ ਉਸ ਦੀ ਭੈਣ ਸ਼ਮਾ ਅਜੇ ਵੀ ਲਾਪਤਾ ਹੈ।
ਰੂਬੀਨਾ ਨੇ ਕਿਹਾ ਹੈ ਕਿ ਲੜਕੀਆਂ ਦੇ ਪਰਿਵਾਰਕ ਮੈਂਬਰ ਮਦਦ ਦੀ ਭੀਖ ਮੰਗ ਰਹੇ ਹਨ, ਬਦਲੇ ਵਿਚ ਪੁਲਸ, ਪ੍ਰਸ਼ਾਸਨ ਅਤੇ ਅਗਵਾ ਕਰਨ ਵਾਲਿਆਂ ਵਲੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਪੀੜਤਾਂ ਦਾ ਦੋਸ਼ ਹੈ ਕਿ ਪੁਲਸ, ਨਿਆਪਾਲਕਾ ਅਤੇ ਰਾਜਨੀਤਕ ਲੋਕ ਅਗਵਾ ਕਰਨ ਵਾਲਿਆਂ ਦਾ ਸਾਥ ਦੇ ਰਹੇ ਹਨ। ਪੀੜਤ ਪੂਰੀ ਤਰ੍ਹਾਂ ਨਾਲ ਅਸਹਾਏ ਹਨ। ਹੁਣ ਇਲਾਕੇ ਦੇ ਲੋਕ ਮੰਗ ਕਰ ਰਹੇ ਹਨ ਕਿ ਧੀਆਂ ਅਤੇ ਭੈਣਾਂ ਨੂੰ ਬਚਾਉਣ ਲਈ ਉਹ ਸਿੰਧ ਤੋਂ ਵਿਸਥਾਪਿਤ ਹੋਣਾ ਚਾਹੁੰਦੇ ਹਨ ਸਰਕਾਰ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰੇ। ਸਿੰਧੀ ਕਾਂਗਰਸ ਨੇ ਕਿਹਾ ਹੈ ਕਿ ਉਹ ਮਾਮਲੇ ਨੂੰ ਦੁਨੀਆ ਦੇ ਹਰ ਮੰਚ 'ਤੇ ਚੁੱਕਣ ਦੀ ਕੋਸ਼ਿਸ਼ ਕਰੇਗੀ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਤੱਕ ਸ਼ਾਂਤ ਨਹੀਂ ਬੈਠੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            