ਪਾਕਿ ਦੇ ਹਾਲਾਤ ਹੜ੍ਹ ਕਾਰਨ ਹੋਏ ਬਦਤਰ, 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ, ਰਾਸ਼ਟਰੀ ਐਮਰਜੈਂਸੀ ਦਾ ਐਲਾਨ
Friday, Aug 26, 2022 - 04:46 PM (IST)
ਇਸਲਾਮਾਬਾਦ (ਏਜੰਸੀ)- ਦੇਸ਼ ਵਿੱਚ ਮੀਂਹ ਕਾਰਨ ਆਏ ਹੜ੍ਹ ਵਿੱਚ ਹੁਣ ਤੱਕ 343 ਬੱਚਿਆਂ ਸਮੇਤ 937 ਲੋਕਾਂ ਦੇ ਮਾਰੇ ਜਾਣ ਅਤੇ ਘੱਟੋ-ਘੱਟ 3 ਕਰੋੜ ਲੋਕ ਬੇਘਰ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਅਨੁਸਾਰ, ਸਿੰਧ ਸੂਬੇ ਵਿੱਚ 14 ਜੂਨ ਤੋਂ ਵੀਰਵਾਰ ਤੱਕ ਹੜ੍ਹ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 306 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਾਨਸੂਨ ਦੇ ਮੌਜੂਦਾ ਸੀਜ਼ਨ 'ਚ ਬਲੋਚਿਸਤਾਨ 'ਚ 234 ਲੋਕਾਂ ਦੀ ਮੌਤ ਹੋਈ ਹੈ, ਜਦਕਿ ਖੈਬਰ ਪਖਤੂਨਖਵਾ ਅਤੇ ਪੰਜਾਬ ਸੂਬੇ 'ਚ ਕ੍ਰਮਵਾਰ 185 ਅਤੇ 165 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 37 ਅਤੇ ਗਿਲਗਿਤ-ਬਾਲਟਿਸਤਾਨ ਖੇਤਰ 'ਚ 9 ਲੋਕਾਂ ਦੀ ਮੌਤ ਹੋਈ ਹੈ। ਅਖ਼ਬਾਰ ‘ਡਾਨ ਨਿਊਜ਼’ ਦੀ ਖ਼ਬਰ ਮੁਤਾਬਕ ਐੱਨ.ਡੀ.ਐੱਮ.ਏ. ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਅਗਸਤ ਮਹੀਨੇ ਵਿੱਚ 166.8 ਮਿਲੀਮੀਟਰ ਮੀਂਹ ਪਿਆ, ਜੋ ਇਸ ਸਮੇਂ ਦੌਰਾਨ ਔਸਤਨ ਪੈਣ ਵਾਲੇ 48 ਮਿਲੀਮੀਟਰ ਮੀਂਹ ਨਾਲੋਂ 241 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ: ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ
ਇਸ ਮਾਨਸੂਨ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਸਿੰਧ ਅਤੇ ਬਲੋਚਿਸਤਾਨ 'ਚ ਕ੍ਰਮਵਾਰ 784 ਫ਼ੀਸਦੀ ਅਤੇ 496 ਫ਼ੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਖ਼ਬਰਾਂ ਮੁਤਾਬਕ ਮੀਂਹ 'ਚ ਅਸਾਧਾਰਨ ਵਾਧੇ ਕਾਰਨ ਪਾਕਿਸਤਾਨ ਦੇ ਦੱਖਣੀ ਹਿੱਸੇ 'ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਸਿੰਧ ਦੇ 23 ਜ਼ਿਲ੍ਹਿਆਂ ਨੂੰ 'ਆਫਤ ਪ੍ਰਭਾਵਿਤ' ਐਲਾਨਿਆ ਗਿਆ ਹੈ। ਇਸ ਦੌਰਾਨ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ NDMA ਵਿਖੇ 'ਵਾਰ ਰੂਮ' ਸਥਾਪਿਤ ਕੀਤਾ ਹੈ, ਜੋ ਦੇਸ਼ ਭਰ 'ਚ ਰਾਹਤ ਕਾਰਜਾਂ ਦੀ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਲਗਾਤਾਰ "ਭਿਆਨਕ" ਮੀਂਹ ਕਾਰਨ "ਰਾਹਤ ਕਾਰਜਾਂ ਨੂੰ ਅੰਜਾਮ ਦੇਣ ਵਿਚ ਪਰੇਸ਼ਾਨੀ ਆ ਰਹੀ ਹੈ, ਖ਼ਾਸ ਕਰਕੇ ਹੈਲੀਕਾਪਟਰਾਂ ਰਾਹੀਂ।'
ਇਹ ਵੀ ਪੜ੍ਹੋ: ਕੈਨੇਡਾ 'ਚ 27 ਸਾਲਾ ਪੰਜਾਬੀ ਨੌਜਵਾਨ ਅਰਮਾਨ ਢਿੱਲੋਂ ਦਾ ਗੋਲੀਆਂ ਮਾਰ ਕੇ ਕਤਲ