ਇਟਲੀ ''ਚ 10 ਜਨਾਨੀਆਂ ''ਚੋਂ 9 ਨੂੰ ਘਰੇਲੂ ਅੱਤਿਆਚਾਰ ਜਾਂ ਹਿੰਸਾ ਦਾ ਖ਼ਤਰਾ : ਅਧਿਐਨ
Wednesday, Nov 25, 2020 - 09:36 AM (IST)
ਰੋਮ,(ਦਲਵੀਰ ਕੈਂਥ)- ਪੂਰੀ ਦੁਨੀਆ ਵਿਚ ਜਨਾਨੀਆਂ ਕਾਮਯਾਬੀ ਦੇ ਝੰਡੇ ਬੁਲੰਦ ਕਰ ਰਹੀਆਂ ਹਨ। ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਕਿ ਜਨਾਨੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਨਾ ਮੰਨਵਾਇਆ ਹੋਵੇ ਪਰ ਇਸ ਦੇ ਬਾਵਜੂਦ ਦੁਨੀਆਂ ਭਰ ਵਿਚ ਜਨਾਨੀਆਂ ਉਪੱਰ ਘਰੇਲੂ ਅੱਤਿਆਚਾਰ ਹੋਣਾ ਜਾਂ ਹਿੰਸਾ ਹੋਣਾ ਬਹੁਤ ਸ਼ਰਮਨਾਕ ਹੈ। ਇਸ ਨੂੰ ਠੱਲ ਪਾਉਣ ਲਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ 25 ਨਵੰਬਰ, 1999 ਤੋਂ ਜਨਾਨੀਆਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ ਅਤੇ ਜਨਾਨੀਆਂ ਨੂੰ ਹਿੰਸਾ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ ।
ਦੁਨੀਆਂ ਵਿੱਚ ਸਭ ਤੋਂ ਵੱਧ ਜਨਾਨੀਆਂ ਦੱਖਣੀ ਅਫਰੀਕਾ ਵਿਚ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਤੇ ਸਭ ਤੋਂ ਘੱਟ ਸੀਰਿਆ ਵਿਚ ਜਨਾਨੀਆਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਇਟਲੀ ਬੇਸ਼ੱਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਜਨਾਨੀਆਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਜਿਹਾ ਬਣਦਾ ਜਾ ਰਿਹਾ ਹੈ । 25 ਨਵੰਬਰ ਜਨਾਨੀਆਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਹਾੜੇ ਸੰਬਧੀ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਅੰਤਰਰਾਸ਼ਟਰੀ ਮਾਨਵਵਾਦੀ ਚੈਰੀਟੇਬਲ ਸੰਸਥਾ "ਤੈਰੇ ਦਿਸ ਹੋਮਜ਼ ਐਂਡ ਸਕੂਲਾਜੌ" ਵਲੋਂ ਕੀਤੇ ਵਿਸ਼ੇਸ਼ ਸਰਵੇ ਵਿਚ ਇਹ ਹੈਰਾਨੀ ਭਰਿਆ ਖੁਲਾਸਾ ਹੋਇਆ ਹੈ ਕਿ ਇਟਲੀ ਵਿਚ 13 ਸਾਲ ਤੋਂ 23 ਸਾਲ ਤੱਕ ਦੀਆਂ 10 ਵਿਚੋਂ 9 ਜਨਾਨੀਆਂ ਨੂੰ ਘਰੇਲੂ ਅੱਤਿਆਚਾਰ ਜਾਂ ਹਿੰਸਾ ਦਾ ਖਤਰਾ ਹੈ।
ਸੰਸਥਾ ਨੇ ਦੇਸ਼ ਭਰ ਵਿਚ ਜਨਾਨੀਆਂ ਅਤੇ ਮਰਦਾਂ ਦੀ ਹਿੰਸਾ ਸੰਬਧੀ ਵਿਸ਼ੇਸ਼ ਵਿਚਾਰਧਾਰਾ ਦਰਜ ਕੀਤੀ, ਜਿਸ ਵਿਚ 85 ਫ਼ੀਸਦੀ ਜਨਾਨੀਆਂ ਅਤੇ ਮਰਦਾਂ ਨੇ ਇਸ ਗੱਲ ਨੂੰ ਮੰਨਿਆਂ ਕਿ ਜਨਾਨੀਆਂ ਲਈ ਘਰੇਲੂ ਅੱਤਿਆਚਾਰ ਜਾਂ ਹਿੰਸਾ ਇੱਕ ਵੱਡੀ ਪ੍ਰੁਸ਼ਾਨੀ ਹੈ ਜਦੋਂ ਕਿ 15 ਫ਼ੀਸਦੀ ਲੋਕ ਸਿਰਫ਼ ਅਜਿਹੇ ਹਨ, ਜਿਹੜੇ ਕਿ ਜਨਾਨੀਆਂ ਨਾਲ ਹੋ ਰਹੀ ਹਿੰਸਾ ਨੂੰ ਮੰਨਣ ਲਈ ਤਿਆਰ ਨਹੀਂ ਸਨ। ਸਰਵੇ ਕੀਤੇ ਗਏ ਲੋਕਾਂ ਵਿਚੋਂ 4 ਵਿਚ 1 ਨੇ ਮੰਨਿਆਂ ਕਿ ਉਨ੍ਹਾਂ ਆਪਣੀਆਂ ਅੱਖਾਂ ਅੱਗੇਜਨਾਨੀਆਂ ਨਾਲ ਘਰੇਲੂ ਅੱਤਿਆਚਾਰ ਜਾਂ ਹਿੰਸਾ ਵਾਲੀਆਂ ਘਟਨਾਵਾਂ ਦੇਖੀਆਂ ਹਨ।
ਇਟਲੀ ਦੀ ਸਿਰਮੌਰ ਸੰਸਥਾ ਈਸਤਤ ਵੱਲੋਂ ਵੀ ਬੀਤੇ ਸਮੇਂ ਵਿਚ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਪਿਛਲੇ ਸਮੇਂ ਦੌਰਾਨ 8 ਮਿਲੀਅਨ ਤੋਂ ਵੱਧ ਜਨਾਨੀਆਂ ਦਿਮਾਗੀ ਦੁਰਵਿਵਹਾਰ ਦੀਆਂ ਸ਼ਿਕਾਰ ਸਨ । ਇਨ੍ਹਾਂ ਵਿਚ 4.5 ਮਿਲੀਅਨ ਅਜਿਹੀਆਂ ਜਨਾਨੀਆਂ ਹਨ, ਜਿਨ੍ਹਾਂ ਦਾ ਜਿਣਸੀ ਹਿੰਸਾ ਦੇ ਕਿਸੇ ਰੂਪ ਵਿਚ ਨੁਕਸਾਨ ਹੋਇਆ। ਇਨ੍ਹਾਂ ਜੁਰਮਾਂ ਵਿਚ ਜ਼ਬਰ-ਜਿਨਾਹ ਹੋਣਾ ਅਤੇ ਇਸ ਦੀ ਕੋਸ਼ਿਸ ਕਰਨਾ ਸ਼ਾਮਲ ਸੀ। ਘਰੇਲੂ ਹਿੰਸਾ ਕਾਰਨ ਸੰਨ 2013 ਵਿਚ 179 ਜਨਾਨੀਆਂ ਦੀ ਹੱਤਿਆ ਹੋਈ ਜਦੋਂ ਕਿ ਸੰਨ 2015 ਵਿਚ 142 , 2016 ਵਿਚ 150 ਤੇ 2017 ਵਿਚ ਸਿਰਫ਼ 10 ਮਹੀਨਿਆਂ ਦੌਰਾਨ ਹੀ 114 ਜਨਾਨੀਆਂ ਦੀ ਹੱਤਿਆ ਦੇ ਕੇਸ ਸਾਹਮਣੇ ਆਏ ਸਨ ਜਦੋਂ ਕਿ ਸਾਰੀਆਂ ਘਰੇਲੂ ਹਿੰਸਕ ਪੀੜਤ ਜਨਾਨੀਆਂ ਕੇਸ ਨਹੀਂ ਦਰਜ ਨਹੀਂ ਕਰਵਾਉਂਦੀਆ ਪਰ ਕੁਝ ਕੇਸ ਅਜਿਹੇ ਵੀ ਹਨ ਜਿਨ੍ਹਾਂ ਵਿਚ 27 ਫੀਸਦੀ ਅਜਿਹੀਆਂ ਜਨਾਨੀਆਂ ਵੀ ਹਨ, ਜਿਹੜੀਆਂ 15 ਸਾਲ ਦੀ ਉਮਰ ਵਿਚ ਹੀ ਕਿਸੇ ਕਿਸਮ ਦੀ ਸਰੀਰਕ ਅਤੇ ਜਿਣਸੀ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਸੰਨ 2000 ਤੋਂ ਹੁਣ ਤੱਕ 3000 ਜਨਾਨੀਆਂ ਦੀ ਘਰੇਲੂ ਹਿੰਸਾ ਵਿਚ ਹੱਤਿਆ ਹੋ ਚੁੱਕੀ ਹੈ। ਔਰਤਾਂ ਵਿਰੁੱਧ ਘਰੇਲੂ ਹਿੰਸਾ ਇਟਲੀ ਵਿੱਚ ਸਭ ਤੋਂ ਗੰਭੀਰ ਅਪਰਾਧ ਮੰਨਿਆ ਜਾ ਰਿਹਾ ਹੈ ਹਾਲਾਂਕਿ ਸਮੁੱਚਾ ਅਪਰਾਧ ਪ੍ਰਸ਼ਾਸ਼ਨ ਦੀ ਬਾਜ ਅੱਖ ਕਾਰਨ ਘੱਟ ਰਿਹਾ ਹੈ।ਇਟਲੀ ਵਿੱਚ ਔਰਤਾਂ ਨਾਲ ਹਿੰਸਾ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਪੱਬਾਂ ਭਾਰ ਹੈ ਜਿਸ ਲਈ ਇਟਲੀ ਸਰਕਾਰ ਅਰਬਾਂ ਯੂਰੋ ਖਰਚ ਕਰ ਰਹੀ ਹੈ ਜਦੋਂ ਕਿ ਯੂਰਪ ਭਰ ਵਿਚ 226 ਅਰਬ ਤੋਂ ਵੀ ਵੱਧ ਯੂਰੋ ਜਨਾਨੀਆਂ ਨਾਲ ਹਿੰਸਕ ਘਟਨਾਵਾਂ ਉਪੱਰ ਖਰਚ ਹੋ ਰਹੇ ਹਨ। ਇਟਲੀ ਸਰਕਾਰ ਔਰਤਾਂ ਨਾਲ ਹਿੰਸਕ ਘਟਨਾਵਾਂ ਕਰਨ ਵਾਲੇ ਅਪਰਾਧੀਆਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਨੂੰ ਪਹਿਲਾਂ ਤੋਂ ਜ਼ਿਆਦਾ ਸਖ਼ਤ ਕਰ ਰਹੀ ਹੈ ।
ਇਟਲੀ ਵਿਚ ਔਰਤਾਂ ਨਾਲ ਹਿੰਸਕ ਘਟਨਾਵਾਂ 80 ਫ਼ੀਸਦੀ ਇਟਾਲੀਅਨ ਲੋਕਾਂ ਵੱਲੋਂ ਹੀ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਸਿਰਫ਼ 20 ਫ਼ੀਸਦੀ ਵਿਦੇਸ਼ੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬੇਸ਼ੱਕ ਜਨਾਨੀਆਂ ਬਿਨਾਂ ਪੂਰੀ ਦੁਨੀਆ ਅਧੂਰੀ ਹੀ ਨਹੀਂ ਨਕਾਰਾ ਵੀ ਹੈ ਪਰ ਇਸ ਦੇ ਬਾਵਜੂਦ ਜਨਾਨੀਆਂ ਦੀ ਜੋ ਸੰਸਾਰ ਭਰ ਵਿਚ ਦੁਰਦਿਸ਼ਾ ਹੋ ਰਹੀ ਹੈ ਉਹ ਹੈਰਾਨ ਕਰਨ ਦੇ ਨਾਲ-ਨਾਲ ਅਗਾਂਹ ਵਧੂ ਸੋਚ ਦਾ ਹੋਕਾ ਦੇਣ ਵਾਲੇ ਸਮਾਜ ਲਈ ਸਵਾਲੀਆ ਚਿੰਨ੍ਹ ਵੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਪ੍ਰਕਾਸ਼ਿਤ ਗਲੋਬਲ ਅੰਦਾਜ਼ਿਆਂ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਦੁਨੀਆ ਭਰ ਵਿਚ 3 ਵਿਚੋਂ 1 ਜਨਾਨੀ 35 ਫੀਸਦੀ ਜਨਾਨੀਆਂ ਆਪਣੀ ਪੂਰੀ ਜਿੰਦਗੀ ਦੌਰਾਨ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਮਰਦ ਦੀ ਭੌਤਿਕ ਜਾਂ ਜਿਨਸੀ ਹਿੰਸਾ ਨੂੰ ਹੱਡੀ ਹੰਢਾਉਣ ਲਈ ਮਜ਼ਬੂਰ ਤੇ ਬੇਵੱਸ ਹਨ। ਉਂਝ ਸੰਸਾਰ ਭਰ ਵਿਚ 30 ਫ਼ੀਸਦੀ ਔਰਤਾਂ ਆਪਣੇ ਜੀਵਨ ਸਾਥੀ ਤੋਂ ਹੀ ਹਿੰਸਾ ਕਾਰਨ ਪ੍ਰਭਾਵਿਤ ਹਨ।
ਵਿਸ਼ਵ ਪਧੱਰ 'ਤੇ 38 ਫ਼ੀਸਦੀ ਜਨਾਨੀਆਂਦੀ ਮੌਤ ਦਾ ਕਾਰਨ ਉਨ੍ਹਾਂ ਦੇ ਜੀਵਨ ਸਾਥੀ ਬਣ ਰਹੇ ਹਨ। ਜਨਾਨੀਆਂ ਉਪੱਰ ਅੱਤਿਆਚਾਰ ਦਾ ਕਾਰਨ ਮਰਦਾਂ ਦਾ ਘੱਟ ਸਿੱਖਿਅਕ ਹੋਣਾ, ਪਰਿਵਾਰ ਵਿਚ ਉਨ੍ਹਾਂ ਦੀਆਂ ਮਾਵਾਂ ਨਾਲ ਹੋਈ ਬੇਇਨਸਾਫ਼ੀ ਜਾਂ ਪਰਿਵਾਰਕ ਹਿੰਸਾ ਨੂੰ ਦੇਖਣਾ ,ਜੀਵਨ ਸਾਥੀ ਦਾ ਬੇਵਫ਼ਾ ਹੋਣਾ ਜਾਂ ਸ਼ੱਕ ਹੋਣਾ, ਸ਼ਰਾਬ ਦੀ ਜ਼ਿਆਦਾ ਵਰਤੋਂ ਜਾਂ ਕੋਈ ਹੋਰ ਸਮਾਜਿਕ ਊਣ-ਤਾਣ ਵੀ ਹਿੰਸਾ ਦਾ ਕਾਰਨ ਹੋ ਸਕਦੀ ਹੈ। ਇਟਲੀ ਵਿਚ ਇਨਸਾਫ਼ ਪੰਸਦ ਲੋਕ ਜਨਾਨੀਆਂ ਨਾਲ ਹੋ ਰਹੀ ਹਿੰਸਾ ਨੂੰ ਖਤਮ ਕਰਨ ਲਈ ਲਾਮਬੰਦ ਹੋ ਕੇ ਸੰਘਰਸ਼ ਵਿੱਢ ਰਹੇ ਹਨ ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਦੀ ਜਨਾਨੀ ਇਹ ਲੜਾਈ ਇਕ ਨਾ ਇਕ ਦਿਨ ਜ਼ਰੂਰ ਜਿੱਤ ਲਵੇਗੀ ਪਰ ਇਸ ਜੰਗ ਲਈ ਲੋੜ ਹੈ ਕਿ ਵਿਦੇਸ਼ੀ ਔਰਤਾਂ ਦਾ ਜਾਗਰੂਕ ਹੋਣਾ ਵੀ ਲਾਜ਼ਮੀ ਹੈ।