ਅਮਰੀਕਾ 'ਚ ਡੁੱਬੀ ਕਿਸ਼ਤੀ, ਇਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 17 ਦੀ ਮੌਤ
Saturday, Jul 21, 2018 - 01:27 PM (IST)

ਵਾਸ਼ਿੰਗਟਨ— ਅਮਰੀਕਾ ਦੇ ਮੱਧ ਪੱਛਮੀ ਸੂਬੇ ਮਿਸੌਰੀ ਦੀ ਇਕ ਝੀਲ ਵਿਚ ਵੀਰਵਾਰ ਨੂੰ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ 17 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 9 ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਮਿਸੌਰੀ ਝੀਲ 'ਚ ਵਾਪਰਿਆ ਜੋ ਹਾਲ ਹੀ 'ਚ ਵਾਪਰੀਆਂ ਸਭ ਤੋਂ ਭਿਆਨਕ ਘਟਨਾਵਾਂ 'ਚੋਂ ਇਕ ਹੈ। ਇਸ ਕਿਸ਼ਤੀ 'ਚ ਕੁਲ 31 ਲੋਕ ਸਵਾਰ ਸਨ। ਅਚਾਨਕ ਆਏ ਤੂਫਾਨ ਦੀ ਲਪੇਟ 'ਚ ਆ ਕੇ ਇਹ ਕਿਸ਼ਤੀ ਡੁੱਬ ਗਈ। ਇਸ 'ਚ ਇਕੋ ਪਰਿਵਾਰ ਦੇ 11 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 9 ਦੀ ਮੌਤ ਹੋ ਗਈ। ਹਾਦਸੇ ਮਗਰੋਂ ਹਸਪਤਾਲ 'ਚ ਭਰਤੀ ਇਕ ਔਰਤ ਨੇ ਦੱਸਿਆ ਕਿ ਇਸ ਹਾਦਸੇ 'ਚ ਉਹ ਅਤੇ ਉਸ ਦਾ ਭਤੀਜਾ ਹੀ ਜਿਊਂਦੇ ਬਚੇ ਹਨ। ਉਸ ਨੇ ਦੱਸਿਆ ਕਿ ਉਸ ਦੇ ਬੱਚੇ ਅਤੇ ਪਤੀ ਦੀ ਮੌਤ ਹੋ ਗਈ। ਤੂਫਾਨ ਆਉਣ ਤੋਂ ਪਹਿਲਾਂ ਹੀ ਇੱਥੇ ਚਿਤਾਵਨੀ ਦੇ ਦਿੱਤੀ ਗਈ ਸੀ ਪਰ ਕਿਸ਼ਤੀ ਚਲਾਉਣ ਵਾਲੇ ਨੇ ਇਸ ਨੂੰ ਅਣਦੇਖਾ ਕਰ ਦਿੱਤਾ ਅਤੇ ਕਿਸ਼ਤੀ ਤੂਫਾਨ ਕਾਰਨ ਉਲਟ ਗਈ।
ਮ੍ਰਿਤਕਾਂ 'ਚ ਇਕ 70 ਸਾਲਾ ਔਰਤ ਵੀ ਹੈ। ਮਿਸੌਰੀ ਦੇ ਗਵਰਨਰ ਮਾਈਕ ਪਰਸਨ ਨੇ ਦੱਸਿਆ ਕਿ ਹਾਦਸੇ ਦੇ ਬਾਅਦ 14 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਇਸ 'ਚ 7 ਲੋਕ ਜ਼ਖਮੀ ਹਨ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਚਲਾਉਣ ਵਾਲਾ ਵੀ ਬਚ ਗਿਆ ਹੈ।
ਸਟੋਨ ਕਾਊਂਟੀ ਸ਼ੈਰਿਫ ਡੈਗ ਰੇਡਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਸ਼ਤੀ ਅੰਦਰ ਲਾਈਫ ਜੈਕੇਟਾਂ ਮਿਲੀਆਂ ਹਨ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੈਲਾਨੀਆਂ ਨੇ ਇਨ੍ਹਾਂ ਨੂੰ ਪਾਇਆ ਨਹੀਂ ਹੋਵੇਗਾ। ਇਸ ਕਿਸ਼ਤੀ ਟੂਰ ਨੂੰ ਆਯੋਜਿਤ ਕਰਨ ਵਾਲੀ ਕੰਪਨੀ ਰਿਪਲੇ ਇੰਟਰਟੇਨਮੈਂਟ ਦੇ ਮੁਖੀ ਜਿਮ ਪੈਟਿਸਨ ਨੇ ਦੱਸਿਆ ਕਿ ਤੁਫਾਨ ਇੰਨਾ ਭਿਆਨਕ ਹੋ ਸਕਦਾ ਸੀ ਇਹ ਤਾਂ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਪਰ ਡਰਾਈਵਰ ਦਲ ਨੂੰ ਸਾਵਧਾਨੀ ਵਰਤਣੀ ਚਾਹੀਦੀ ਸੀ। ਇਕ ਵਿਅਕਤੀ ਵਲੋਂ ਬਣਾਈ ਗਈ ਵੀਡੀਓ ਫੁਟੇਜ 'ਚ ਕਿਸ਼ਤੀ ਤੇਜ਼ ਤੂਫਾਨ ਨਾਲ ਜੂਝਦੀ ਦਿਖਾਈ ਦੇ ਰਹੀ ਹੈ।