ਬ੍ਰਿਟੇਨ ਨੇ ਗੰਭੀਰ ਅਪਰਾਧ ਰੋਕਥਾਮ ਆਦੇਸ਼ ਦੇ ਤਹਿਤ ਭਾਰਤੀ ਮੂਲ ਦੇ 9 ਅਪਰਾਧੀਆਂ ਖਿਲਾਫ਼ ਕੀਤੀ ਕਾਰਵਾਈ
Wednesday, Feb 14, 2024 - 12:47 PM (IST)
ਲੰਡਨ (ਏਜੰਸੀ)- ਬ੍ਰਿਟੇਨ ਦੇ ਅਧਿਕਾਰੀਆਂ ਨੇ ਇੱਕ ਅਪਰਾਧ ਸਮੂਹ ਦੇ 9 ਭਾਰਤੀ ਮੂਲ ਦੇ ਮੈਂਬਰਾਂ ਖ਼ਿਲਾਫ਼ ਗੰਭੀਰ ਅਪਰਾਧ ਰੋਕਥਾਮ ਆਦੇਸ਼ (ਐੱਸ.ਸੀ.ਪੀ.ਓ.) ਤਹਿਤ ਕਾਰਵਾਈ ਕੀਤੀ ਹੈ। ਇਸ ਗਿਰੋਹ ਦੇ ਇਹ ਮੈਂਬਰ ਸਾਮਾਨ ਅਤੇ ਪ੍ਰਵਾਸੀਆਂ ਦੀ ਤਸਕਰੀ ਦੇ ਦੋਸ਼ੀ ਪਾਏ ਗਏ ਹਨ। ਯੂਕੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ SCPO ਕਾਰਵਾਈ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਅਪਰਾਧ ਕਰਨ ਤੋਂ ਰੋਕਣ ਵਿੱਚ ਮਦਦ ਮਿਲੇਗੀ।
ਦੋਸ਼ੀਆਂ ਦੀ ਪਛਾਣ ਸਵੰਦਰ ਢੱਲ (38), ਜਸਬੀਰ ਕਪੂਰ (36), ਦਿਲਜਾਨ ਮਲਹੋਤਰਾ (48), ਚਰਨ ਸਿੰਘ (46), ਵਲਜੀਤ ਸਿੰਘ (35), ਜਸਬੀਰ ਢੱਲ ਸਿੰਘ (33), ਜਗਿੰਦਰ ਕਪੂਰ (48), ਜੈਕਦਰ ਕਪੂਰ (51) ਅਤੇ ਅਮਰਜੀਤ ਅਲਾਬਦੀਸ (32) ਦੇ ਰੂਪ ਵਿਚ ਹੋਈ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਸੀ.ਏ.) ਤਹਿਤ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਜਾਵੇਗਾ ਤਾਂ ਕਿ ਉਹ ਗੰਭੀੜ ਸੰਗਠਿਤ ਅਪਰਾਧਾਂ ਵਿਚ ਮੁੜ ਸ਼ਾਮਲ ਨਾ ਹੋ ਸਕਣ। ਇਸ ਸਮੂਹ ਨੂੰ ਹਾਲ ਹੀ ਵਿੱਚ ਸੂਟਕੇਸਾਂ ਵਿੱਚ ਲੁਕੋ ਕੇ ਬ੍ਰਿਟੇਨ ਤੋਂ ਦੁਬਈ ਤੱਕ 1.55 ਮਿਲੀਅਨ ਪੌਂਡ ਲਿਜਾਣ ਦੇ ਨਾਲ-ਨਾਲ ਦੇਸ਼ ਵਿਚ 17 ਪ੍ਰਵਾਸੀਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਅਪਰਾਧਾਂ ਲਈ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਮੰਗਲਵਾਰ ਨੂੰ ਕਿਹਾ ਕਿ ਦੋਸ਼ੀਆਂ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਐੱਸ.ਸੀ.ਪੀ.ਓ. ਦੀ ਕਾਰਵਾਈ ਉਨ੍ਹਾਂ 'ਤੇ ਪ੍ਰਭਾਵੀ ਹੋਵੇਗੀ, ਜਿਸ ਦੇ ਤਹਿਤ ਉਨ੍ਹਾਂ ਦੇ ਵਿੱਤੀ, ਜਾਇਦਾਦ ਅਤੇ ਬੈਂਕ ਖਾਤਿਆਂ ਅਤੇ ਅੰਤਰਰਾਸ਼ਟਰੀ ਯਾਤਰਾ ਦੀਆਂ ਟਿਕਟਾਂ ਖਰੀਦਣ 'ਤੇ ਪਾਬੰਦੀ ਹੋਵੇਗੀ। 9 ਬ੍ਰਿਟਿਸ਼ ਭਾਰਤੀ 16 ਮੈਂਬਰੀ ਸਮੂਹ ਦਾ ਹਿੱਸਾ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਵਿਚ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਬ੍ਰਿਟੇਨ ਵਿੱਚ ਲੋਕਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਲਈ ਕੁੱਲ 70 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਕਿਹਾ ਜਾਂਦਾ ਹੈ ਕਿ 'ਸਰਗਨਾ' ਚਰਨ ਸਿੰਘ ਦੀ ਅਗਵਾਈ ਵਾਲੇ ਇਸ ਸਮੂਹ ਨੇ 2017 ਤੋਂ 2019 ਦਰਮਿਆਨ ਦੁਬਈ ਦੀਆਂ ਸੈਂਕੜੇ ਯਾਤਰਾਵਾਂ ਕਰਕੇ ਬ੍ਰਿਟੇਨ ਤੋਂ ਲਗਭਗ 70 ਮਿਲੀਅਨ ਪੌਂਡ ਦੀ ਨਕਦੀ ਦੀ ਤਸਕਰੀ ਕੀਤੀ ਹੈ। SCPOs NCA-ਪ੍ਰਬੰਧਿਤ ਸਹਾਇਤਾ ਆਦੇਸ਼ਾਂ ਦਾ ਹਿੱਸਾ ਹਨ, ਜੋ ਅਪਰਾਧੀਆਂ ਲਈ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਮੌਕਿਆਂ ਨੂੰ ਸੀਮਤ ਕਰਦੇ ਹਨ ਅਤੇ ਅਪਰਾਧੀਆਂ ਨੂੰ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਸੰਗਠਿਤ ਅਪਰਾਧ ਗਿਰੋਹਾਂ ਵਿਚ ਦੁਬਾਰਾ ਸ਼ਾਮਲ ਹੋਣ ਜਾਂ ਕੰਮ ਕਰਨ ਤੋਂ ਰੋਕਦੇ ਹਨ।NCA ਦੀ ਜੇਲ੍ਹ ਅਤੇ ਲਾਈਫਟਾਈਮ ਮੈਨੇਜਮੈਂਟ ਯੂਨਿਟ ਦੇ ਮੁਖੀ ਐਲੀਸਨ ਐਬੋਟ ਨੇ ਕਿਹਾ ਕਿ ਕਈ ਪੇਸ਼ੇਵਰ ਅਪਰਾਧੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਦੁਬਾਰਾ ਜ਼ੁਰਮ ਕਰਨ ਲੱਗ ਜਾਂਦੇ ਹਨ, ਅਜਿਹੇ ਵਿਚ ਉਨ੍ਹਾਂ ਨੂੰ ਭਵਿੱਖ ਵਿਚ ਅਪਰਾਧ ਕਰਨ ਤੋਂ ਰੋਕਣ ਲਈ ਇਹ ਕਾਰਵਾਈ ਬਹੁਤ ਅਹਿਮ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।