ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ ''ਚ ਹੁਣ ਤਕ 85 ਲੋਕਾਂ ਦੀ ਮੌਤ

01/21/2019 10:39:04 AM

ਮੈਕਸੀਕੋ ਸਿਟੀ, (ਏਜੰਸੀ)— ਮੱਧ ਮੈਕਸੀਕੋ 'ਚ ਸ਼ੁੱਕਰਵਾਰ ਨੂੰ ਤੇਲ ਦੀ ਇਕ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਦੀ ਘਟਨਾ ਕਾਰਨ ਹੁਣ ਤਕ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਂਕੜੇ ਲੋਕ ਸ਼ੁੱਕਰਵਾਰ ਨੂੰ ਪਾਈਪਲਾਈਨ ਤੋਂ ਹੋ ਰਹੀ ਲੀਕੇਜ 'ਚੋਂ ਹੋ ਰਹੇ ਤੇਲ ਚੋਰੀ ਕਰਨ ਲਈ ਜਮ੍ਹਾਂ ਹੋਏ ਸਨ ਅਤੇ ਉਸੇ ਸਮੇਂ ਪਾਈਪਲਾਈਨ 'ਚ ਧਮਾਕਾ ਹੋ ਗਿਆ। ਮੌਕੇ 'ਤੇ ਹੀ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਗੰਭੀਰ ਜ਼ਖਮੀ ਸਨ। ਗੰਭੀਰ ਜ਼ਖਮੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਹੁਣ ਮ੍ਰਿਤਕਾਂ ਦੀ ਗਿਣਤੀ ਵਧ ਕੇ 85 ਹੋ ਗਈ ਹੈ।

PunjabKesari
ਅਜੇ ਵੀ 58 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉੱਥੇ ਹੀ 10 ਤੋਂ ਵਧੇਰੇ ਲੋਕ ਹੁਣ ਵੀ ਲਾਪਤਾ ਦੱਸੇ ਜਾ ਰਹੇ ਹਨ। ਫੌਜੀਆਂ ਨੇ ਘਟਨਾ ਵਾਲੇ ਸਥਾਨ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। 
ਜ਼ਿਕਰਯੋਗ ਹੈ ਕਿ ਹਾਦਸਾ ਅਜਿਹੇ ਸਮੇਂ ਹੋਇਆ ਹੈ ਜਦ ਮੈਕਸੀਕੋ ਦੇ ਰਾਸ਼ਟਰਪਤੀ ਤੇਲ ਚੋਰੀ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਆਪਣੀਆਂ ਯੋਜਨਾਵਾਂ ਨੂੰ ਕਿਰਿਆਸ਼ੀਲ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਹਾਦਸੇ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ ਹੈ।


Related News