ਲੀਬੀਆ ਤੋਂ ਕੈਨੇਡਾ 'ਚ ਵਸਾਏ ਗਏ 71 ਸ਼ਰਨਾਰਥੀ
Monday, Nov 22, 2021 - 10:55 AM (IST)
ਨਿਊਯਾਰਕ (ਏਐਨਆਈ): ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੇ ਲੀਬੀਆ ਤੋਂ ਕੈਨੇਡਾ ਵਿੱਚ 71 ਸ਼ਰਨਾਰਥੀਆਂ ਨੂੰ ਮੁੜ ਵਸਾਇਆ ਹੈ।ਯੂਐਨਐਚਸੀਆਰ ਨੇ ਇਸ ਸੰਬੰਧੀ ਇਕ ਟਵੀਟ ਕੀਤਾ। ਟਵੀਟ ਵਿਚ ਲਿਖਿਆ ਗਿਆ,"ਯੂਐਨਐਚਸੀਆਰ ਨੇ 37 ਬੱਚਿਆਂ ਸਮੇਤ 71 ਸ਼ਰਨਾਰਥੀਆਂ ਨੂੰ ਲੀਬੀਆ ਤੋਂ ਕੈਨੇਡਾ ਵਿੱਚ IOM (ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ) ਦੀ ਸਹਾਇਤਾ ਨਾਲ ਮੁੜ ਵਸਾਇਆ।"ਇਸ ਨੇ ਅੱਗੇ ਕਿਹਾ ਕਿ ਸਮੂਹ ਵਿੱਚ ਸੀਰੀਆ, ਸੂਡਾਨ, ਫਲਸਤੀਨ ਅਤੇ ਸੋਮਾਲੀਆ ਦੇ ਪਰਿਵਾਰ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖਬਰ - ਖੁਸ਼ਖ਼ਬਰੀ: ਆਸਟ੍ਰੇਲੀਆ ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ, ਵਰਕਰਾਂ ਲਈ ਖੋਲ੍ਹੇਗਾ ਸਰਹਦਾਂ
ਵਰਤਮਾਨ ਵਿੱਚ ਲੀਬੀਆ ਵਿਚ ਯੂਐਨਐਚਸੀਆਰ ਵਿੱਚ 41,404 ਸ਼ਰਨਾਰਥੀ ਅਤੇ ਪਨਾਹ ਪਾਉਣ ਦੇ ਚਾਹਵਾਨ ਰਜਿਸਟਰਡ ਲੋਕ ਹਨ।2011 ਵਿੱਚ ਮਰਹੂਮ ਨੇਤਾ ਮੁਅੱਮਰ ਗੱਦਾਫੀ ਦੇ ਪਤਨ ਤੋਂ ਬਾਅਦ ਲੀਬੀਆ ਅਸੁਰੱਖਿਆ ਅਤੇ ਅਰਾਜਕਤਾ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨਾਲ ਉੱਤਰੀ ਅਫਰੀਕੀ ਦੇਸ਼ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਰਵਾਨਗੀ ਦਾ ਇੱਕ ਪੰਸਦੀਦਾ ਬਿੰਦੂ ਬਣ ਗਿਆ ਹੈ ਜੋ ਭੂਮੱਧ ਸਾਗਰ ਨੂੰ ਪਾਰ ਕਰਕੇ ਯੂਰਪੀਅਨ ਕਿਨਾਰਿਆਂ ਤੱਕ ਜਾਣਾ ਚਾਹੁੰਦੇ ਹਨ।
ਆਈਓਐਮ ਮੁਤਾਬਕ, ਇਸ ਸਾਲ ਹੁਣ ਤੱਕ ਕੁੱਲ 29,427 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ, ਜਦੋਂ ਕਿ 490 ਦੀ ਮੌਤ ਹੋ ਗਈ ਅਤੇ 736 ਮੱਧ ਭੂਮੱਧ ਸਾਗਰ ਮਾਰਗ 'ਤੇ ਲੀਬੀਆ ਦੇ ਤੱਟ ਤੋਂ ਲਾਪਤਾ ਹੋ ਗਏ।