ਬਿ੍ਰਟੇਨ ''ਚ ਕੋਰੋਨਾ ਨਾਲ 71 ਦੀ ਤੇ ਸਕਾਟਲੈਂਡ ''ਚ 2 ਦੀ ਮੌਤ

03/18/2020 4:05:11 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਕੱਲ੍ਹ ਦੇ ਮੁਕਾਬਲੇ 35 ਤੋਂ ਵਧ ਕੇ 71 ਹੋ ਗਈ ਹੈ। ਹੁਣ ਤੱਕ 1950 ਪੌਜੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਇਹਨਾਂ ਕੇਸਾਂ ਦੇ 35000 ਤੋਂ 50000 ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਲੋੜੀਂਦੇ ਬਾਹਰੀ ਸੰਪਰਕ ਤੋਂ ਬਚਣਾ ਚਾਹੀਦਾ ਹੈ। ਕੰਮਕਾਜ਼ੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਸੰਭਵ ਹੈ ਤਾਂ ਉਹ ਆਪਣੇ ਦਫ਼ਤਰੀ ਕੰਮ ਘਰ ਤੋਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨ। ਇਸਦੇ ਨਾਲ ਹੀ ਲੋਕਾਂ ਨੂੰ ਰੈਸਟੋਰੈਂਟਾਂ, ਪੱਬਾਂ ਆਦਿ ਵਿੱਚ ਜਾਣੋ ਗੁਰੇਜ਼ ਕਰਨ ਦੀ ਬੇਨਤੀ ਕੀਤੀ ਗਈ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਹਿਲਾਂ ਹੀ ਬੀਮਾਰੀਆਂ ਤੋਂ ਪੀੜਤ ਲੋਕਾਂ, ਬਜ਼ੁਰਗਾਂ ਅਤੇ ਮਾੜੇ ਸਿਹਤ ਹਾਲਾਤ ਵਾਲੇ ਲੋਕਾਂ ਨੂੰ 12 ਹਫ਼ਤੇ ਘਰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੰਡਨ ਦੇ ਇੰਪੀਰੀਅਲ ਕਾਲਜ਼ ਦੇ ਸਰਵੇਖਣ ਅਨੁਸਾਰ ਇਟਲੀ ਦੇ ਹਾਲਾਤਾਂ ਨੇ ਇੰਗਲੈਂਡ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕੀਤਾ ਹੈ। ਉਹਨਾਂ ਖਦਸ਼ਾ ਜਾਹਿਰ ਕੀਤਾ ਹੈ ਕਿ ਜੇਕਰ ਹਾਲਾਤ ਕਾਬੂ ਨਾ ਕੀਤੇ ਗਏ ਤਾਂ ਮੌਤਾਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਸਕਦੀ ਹੈ। ਜੇਕਰ ਦੂਜਾ ਪੱਖ ਦੇਖੀਏ ਤਾਂ ਪੱਬ, ਰੈਸਟੋਰੈਂਟ, ਥੀਏਟਰ ਜਾਂ ਸੰਗੀਤ ਸਮਾਗਮਾਂ ਦੇ ਪ੍ਰਬੰਧਕਾਂ ਵਿੱਚ ਆਪਣੇ ਕਾਰੋਬਾਰਾਂ ਦੇ ਡੁੱਬਣ ਦੀ ਭਵਿੱਖੀ ਚਿੰਤਾ ਕਾਰਨ ਨਾਰਾਜ਼ਗੀ ਵੀ ਹੈ।

ਉਥੇ ਹੀ, ਸਕਾਟਲੈਂਡ ਵਿੱਚ ਹੁਣ ਦੂਜੀ ਮੌਤ ਹੋਣ ਦੀ ਖਬਰ ਮਿਲੀ ਹੈ ਜਦਕਿ ਪੌਜੇਟਿਵ ਕੇਸ 153 ਤੋਂ ਵਧਕੇ 195 ਹੋ ਗਏ ਹਨ। ਹੁਣ ਤੱਕ 4895 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਮਹਾਂਮਾਰੀ ਦਾ ਪ੍ਰਭਾਵ ਸਮੁੱਚੇ ਸਕਾਟਲੈਂਡ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਅੰਤਾਂ ਦੇ ਭੀੜ ਭੜੱਕੇ ਵਾਲੇ ਮਹਾਂਮਾਰਗ ਵੀ ਸੁੰਨਸਾਨ ਵਰਤਾ ਰਹੇ ਹਨ। ਬੇਸ਼ੱਕ ਸਕਾਟਲੈਂਡ ਵਿੱਚ ਇੱਕਾ-ਦੁੱਕਾ ਪ੍ਰਭਾਵਿਤ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਸਕੂਲ ਖੁੱਲ੍ਹੇ ਹਨ ਪਰ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਵੀ ਗਿਰਾਵਟ ਆਈ ਦੱਸੀ ਜਾ ਰਹੀ ਹੈ। ਬੇਸ਼ੱਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਨਤਕ ਸਥਾਨਾਂ 'ਤੇ ਜਾਣੋਂ ਵਰਜਿਆ ਜਾ ਰਿਹਾ ਹੈ ਪਰ ਖਾਣ ਪੀਣ ਦੀਆਂ ਵਸਤਾਂ ਖਰੀਦਣ ਦੀ ਦੌੜ ਵਿੱਚ ਲੱਗੇ ਲੋਕਾਂ ਦੀਆਂ ਭੀੜਾਂ ਖੁਦ ਅਲਾਮਤ ਸਹੇੜਨ ਵਾਂਗ ਪ੍ਰਤੀਤ ਹੁੰਦੀਆਂ ਹਨ। ਇਸ ਸੰਬੰਧੀ ਪ੍ਰਸਿੱਧ ਕਾਰੋਬਾਰੀ ਅਤੇ ਵੱਖ ਵੱਖ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਹੇ ਬਖਸੀਸ਼ ਸਿੰਘ ਦੀਹਰੇ ਨੇ ਜਿੱਥੇ ਲੋਕਾਂ ਨੂੰ ਇਕੱਠਾਂ ਵਿੱਚ ਨਾ ਵਿਚਰਣ ਦੀ ਅਪੀਲ ਕੀਤੀ, ਉੱਥੇ ਸਮੂਹ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੁਰੇ ਵਕਤ ਵਿੱਚ ਆਪਣੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮੁਨਾਫ਼ਾਖੋਰੀ ਦੇ ਰਾਹ ਨਾ ਪੈਣ।


Khushdeep Jassi

Content Editor

Related News