70 ਫੀਸਦੀ ਮਾਵਾਂ ਬੇਟੀਆਂ ਨਾਲ ਨਹੀਂ ਕਰਦੀਆਂ ਮਾਹਵਾਰੀ ਦੀ ਗੱਲ
Tuesday, Jan 15, 2019 - 08:40 PM (IST)
ਨਵੀਂ ਦਿੱਲੀ— ਡਾਕਟਰਾਂ ਮੁਤਾਬਕ 70 ਫੀਸਦੀ ਔਰਤਾਂ ਆਪਣੀਆਂ ਬੇਟੀਆਂ ਨਾਲ ਮਾਹਵਾਰੀ ਬਾਰੇ ਗੱਲ ਕਰਨਾ ਸਹੀ ਨਹੀਂ ਮੰਨਦੀਆਂ, ਇਹੀ ਕਾਰਨ ਹੈ ਕਿ ਮਾਹਵਾਰੀ ਬਾਰੇ ਸਹੀ ਜਾਗਰੂਕਤਾ ਨਾ ਹੋਣ ਕਾਰਕੇ ਕੁੜੀਆਂ ਨੂੰ ਮੈਂਟਲ ਟ੍ਰਾਮਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ 'ਚ ਲਗਭਗ 80 ਫੀਸਦੀ ਕੁੜੀਆਂ ਮਹੀਨੇ 'ਚ 3 ਤੋਂ 4 ਦਿਨ ਸਕੂਲ ਨਹੀਂ ਜਾਂਦੀਆਂ। ਇਹ ਅਕਸਰ ਮਾਹਵਾਰੀ ਦੇ ਸ਼ੁਰੂਆਤੀ ਦਿਨਾਂ 'ਚ ਹੁੰਦਾ ਹੈ। ਉਨ੍ਹਾਂ ਨੂੰ ਸੈਨੇਟਰੀ ਪੈਡ ਦੀ ਜਾਣਕਾਰੀ ਨਹੀਂ ਹੁੰਦੀ। ਉਹ ਇਸ ਦੇ ਲਈ ਕੋਈ ਪੁਰਾਣਾ ਕੱਪੜਾ ਇਸਤੇਮਾਲ ਕਰਦੀਆਂ ਹਨ, ਜਿਸ ਕਰਕੇ ਕੱਪੜੇ 'ਚ ਰਿਸਾਅ ਅਤੇ ਨਿਸ਼ਾਨ ਪੈਣ ਦਾ ਡਰ ਹੁੰਦਾ ਹੈ। ਇਸ ਨਾਲ ਲੜਕੀਆਂ ਨੂੰ ਇਨਫੈਕਸ਼ਨ ਹੋ ਸਕਦੀ ਹੈ। ਸੈਨੇਟਰੀ ਨੈਪਕਿਨ ਦੀ ਕਮੀ ਦੇ ਕਈ ਕਾਰਨ ਹਨ, ਜਿਨ੍ਹਾਂ 'ਚ ਮੁੱਖ ਕਾਰਨ ਇਸ ਦੀ ਕੀਮਤ ਦਾ ਜ਼ਿਆਦਾ ਹੋਣਾ ਵੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ 'ਚ ਜਦੋਂ ਕੁੜੀਆਂ ਸਕੂਲ ਨਹੀਂ ਜਾਂਦੀਆਂ ਤਾਂ ਇਸ ਨੂੰ ਲੈ ਕੇ ਸਮਾਜ 'ਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਵੀ ਹਨ। ਉਸ ਦੇ ਬਾਰੇ ਡਾਕਟਰ ਕੇ. ਕੇ. ਅਗਰਵਾਲ ਦਾ ਕਹਿਣਾ ਹੈ ਕਿ ਮਾਹਵਾਰੀ ਦੇ ਦਿਨਾਂ 'ਚ ਪੇਂਡੂ ਖੇਤਰਾਂ 'ਚ ਕੁੜੀਆਂ ਸਕੂਲ-ਕਾਲਜ ਜਾਣਾ ਵੀ ਛੱਡ ਦਿੰਦੀਆਂ ਹਨ। ਅਜਿਹੇ 'ਚ ਪੜ੍ਹਾਈ 'ਚ ਮਾਹਵਾਰੀ ਸਵੱਛਤਾ ਨੂੰ ਜਲਦੀ ਤੋਂ ਜਲਦੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।