ਸੋਮਾਲੀਆ ਦੀ ਰਾਜਧਾਨੀ ''ਚ ਕੈਫੇ ''ਤੇ ਹੋਏ ਹਮਲੇ ''ਚ 7 ਲੋਕਾਂ ਦੀ ਮੌਤ
Friday, Oct 18, 2024 - 03:24 AM (IST)
ਮੋਗਾਦਿਸ਼ੂ— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਇਕ ਪੁਲਸ ਟ੍ਰੇਨਿੰਗ ਸਕੂਲ ਦੇ ਬਾਹਰ ਇਕ ਕੈਫੇ 'ਚ ਆਤਮਘਾਤੀ ਹਮਲਾਵਰ ਨੇ ਬੰਬ ਧਮਾਕਾ ਕਰ ਦਿੱਤਾ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਅਧਿਕਾਰੀ ਅਤੇ ਆਮ ਨਾਗਰਿਕ ਸ਼ਾਮਲ ਹਨ ਜੋ ਵੀਰਵਾਰ ਨੂੰ ਜਨਰਲ ਕਾਹੀਏ ਪੁਲਸ ਅਕੈਡਮੀ ਦੇ ਬਾਹਰ ਚਾਹ ਪੀ ਰਹੇ ਸਨ।
ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਬਿਆਨ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਗਰੁੱਪ ਇਸ ਤੋਂ ਪਹਿਲਾਂ ਵੀ ਸੋਮਾਲੀਆ ਵਿੱਚ ਹਮਲੇ ਕਰ ਚੁੱਕਾ ਹੈ। ਨਿਵਾਸੀ ਮੁਹੰਮਦ ਅਲੀ ਨੇ ਦੱਸਿਆ ਕਿ ਉਸ ਨੇ ਧਮਾਕੇ ਦੀ ਜ਼ੋਰਦਾਰ ਆਵਾਜ਼ ਸੁਣੀ। ਉਨ੍ਹਾਂ ਕਿਹਾ, “ਲੋਕ ਕੈਫੇ ਵਿਚ ਚਾਹ ਦਾ ਆਨੰਦ ਲੈ ਰਹੇ ਸਨ ਅਤੇ ਫਿਰ ਸਭ ਕੁਝ ਉਥਲ-ਪੁਥਲ ਹੋ ਗਿਆ।” ਮਦੀਨਾ ਹਸਪਤਾਲ ਦੇ ਇਕ ਸਹਾਇਕ ਡਾਕਟਰ ਨੇ ਦੱਸਿਆ ਕਿ ਕਈ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।