ਜਰਮਨੀ ਦੀ ਚਰਚ ''ਚ ਚੱਲੀਆਂ ਤਾਬੜਤੋੜ ਗੋਲੀਆਂ, 7 ਲੋਕਾਂ ਦੀ ਮੌਤ, ਕਈ ਜ਼ਖ਼ਮੀ
Friday, Mar 10, 2023 - 09:27 AM (IST)

ਬਰਲਿਨ (ਵਾਰਤਾ)- ਜਰਮਨੀ ਦੇ ਹੈਮਬਰਗ ਸ਼ਹਿਰ ਵਿਚ 'ਯਹੋਵਾ ਵਿਟਨੈੱਸ ਕਿੰਗਡਮ ਹਾਲ' ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਯਹੋਵਾ ਵਿਟਨੈੱਸ ਇਕ ਅੰਤਰਰਾਸ਼ਟਰੀ ਚਰਚ ਦਾ ਹਿੱਸਾ ਹਨ। ਅਮਰੀਕਾ ਵਿੱਚ 19ਵੀਂ ਸਦੀ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਇਸਦਾ ਮੁੱਖ ਦਫਤਰ ਨਿਊਯਾਰਕ ਦੇ ਵਾਰਵਿਕ ਵਿੱਚ ਹੈ।
ਜਰਮਨ ਅਖ਼ਬਾਰ ਹੈਮਬਰਗਰ ਮੋਰਗਨਪੋਸਟ ਮੁਤਾਬਕ ਵੀਰਵਾਰ ਨੂੰ ਹੈਮਬਰਗ ਦੇ ਏਲਸਟਰਡੋਰਫ ਕੁਆਰਟਰ 'ਚ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਹੋਈ ਗੋਲੀਬਾਰੀ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੁਲਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਹਨ। ਸ਼ੂਟਰ ਅਜੇ ਤੱਕ ਫੜਿਆ ਨਹੀਂ ਗਿਆ ਹੈ ਅਤੇ ਉਹ ਫਰਾਰ ਹੈ।