64 ਦੇਸ਼ਾਂ ਨੇ ਅਫਗਾਨਿਸਤਾਨ ਛੱਡਣ ਦੇ ਇੱਛੁਕ ਲੋਕਾਂ ਦੀ ਸੁਰੱਖਿਅਤ ਰਵਾਨਗੀ ਦਾ ਦਿੱਤਾ ਸੱਦਾ

Monday, Aug 16, 2021 - 05:06 PM (IST)

64 ਦੇਸ਼ਾਂ ਨੇ ਅਫਗਾਨਿਸਤਾਨ ਛੱਡਣ ਦੇ ਇੱਛੁਕ ਲੋਕਾਂ ਦੀ ਸੁਰੱਖਿਅਤ ਰਵਾਨਗੀ ਦਾ ਦਿੱਤਾ ਸੱਦਾ

ਇੰਟਰਨੈਸ਼ਨਲ ਡੈਸਕ : ਦੁਨੀਆ ਭਰ ਦੇ 64 ਦੇਸ਼ਾਂ ਨੇ ਇਕ ਸਾਂਝੇ ਬਿਆਨ ’ਤੇ ਦਸਤਖਤ ਕਰ ਕੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਛੱਡਣ ਦੇ ਇੱਛੁਕ ਲੋਕਾਂ ਦੀ ਸੁਰੱਖਿਅਤ ਤੇ ਵਿਵਸਥਿਤ ਰਵਾਨਗੀ ਯਕੀਨੀ ਕਰਨ ਦਾ ਸੱਦਾ ਦਿੱਤਾ ਹੈ। ਕੈਨੇਡਾ, ਫਰਾਂਸ, ਜਰਮਨੀ ਅਤੇ ਯੂ. ਕੇ. ਸਮੇਤ 64 ਦੇਸ਼ਾਂ ਨੇ ਸਾਂਝੇ ਬਿਆਨ ’ਤੇ ਦਸਤਖਤ ਕੀਤੇ ਹਨ। ਬਿਆਨ ’ਚ ਕਿਹਾ ਗਿਆ ਹੈ, ‘‘ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਅਸੀਂ ਵਿਦੇਸ਼ੀ ਨਾਗਰਿਕਾਂ ਤੇ ਅਫਗਾਨਾਂ ਦੇ ਸੁਰੱਖਿਅਤ ਅਤੇ ਵਿਵਸਥਿਤ ਤਰੀਕੇ ਨਾਲ ਦੇਸ਼ ਛੱਡਣ ਦੇ ਚਾਹਵਾਨਾਂ ਨੂੰ ਸੁਰੱਖਿਅਤ ਤੇ ਵਿਵਸਥਿਤ ਰਵਾਨਗੀ ਦਾ ਸਨਮਾਨ ਕਰਨ ਤੇ ਸਹੂਲਤ ਪ੍ਰਦਾਨ ਕਰਨ ਦਾ ਸੱਦਾ ਦਿੰਦੇ ਹਾਂ।’’ ਅਫਗਾਨਿਸਤਾਨ ’ਚ ਜਿਹੜੇ ਲੋਕਾਂ ਦੇ ਹੱਥ ’ਚ ਸੱਤਾ ਤੇ ਅਧਿਕਾਰ ਹਨ, ਉਹ ਮਨੁੱਖੀ ਜੀਵਨ ਅਤੇ ਸੰਪਤੀ ਦੀ ਸੁਰੱਖਿਆ ਅਤੇ ਸਿਵਲ ਵਿਵਸਥਾ ਦੀ ਤੁਰੰਤ ਬਹਾਲੀ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਹਨ।

ਬਿਆਨ ਦੇ ਮੁਤਾਬਕ ਅਫਗਾਨਿਸਤਾਨੀ ਤੇ ਵਿਦੇਸ਼ੀ ਨਾਗਰਿਕ , ਜੋ ਉਥੋਂ ਰਵਾਨਾ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ; ਸੜਕਾਂ, ਹਵਾਈ ਅੱਡੇ ਅਤੇ ਸਰਹੱਦਾਂ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ ਅਤੇ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ। ਅਫਗਾਨ ਲੋਕ ਸੁਰੱਖਿਆ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦੇ ਹੱਕਦਾਰ ਹਨ। ਅੰਤਰਰਾਸ਼ਟਰੀ ਭਾਈਚਾਰੇ ’ਚ ਅਸੀਂ ਉਨ੍ਹਾਂ ਦੀ ਸਹਾਇਤਾ ਲਈ ਤਿਆਰ ਹਾਂ। ਇਹ ਬਿਆਨ ਤਾਲਿਬਾਨ ਦੇ ਦੇਸ਼ ਉੱਤੇ ਕਬਜ਼ਾ ਕਰਨ ਤੋਂ ਬਾਅਦ ਆਇਆ ਹੈ। ਤਾਲਿਬਾਨ ਦੇ ਦੇਸ਼ ਦੇ ਸੂਬਿਆਂ ’ਤੇ ਹਮਲਾ ਕਰਨ ਦੇ ਨਾਲ ਅਫਗਾਨ ਸਰਕਾਰ ਦੀਆਂ ਫੌਜਾਂ ਜਾਂ ਤਾਂ ਭੱਜ ਗਈਆਂ ਜਾਂ ਆਤਮਸਮਰਪਣ ਕਰ ਗਈਆਂ। ਇਸ ਕਾਰਨ ਅੱਤਵਾਦੀ ਸੰਗਠਨ ਨੇ 34 ’ਚੋਂ 26 ਰਾਜਧਾਨੀਆਂ ਉੱਤੇ ਕਬਜ਼ਾ ਕਰ ਲਿਆ।

ਤਾਲਿਬਾਨ ਨੇ ਐਤਵਾਰ ਸ਼ਾਮ ਨੂੰ ਕਾਬੁਲ ਦੇ ਰਾਸ਼ਟਰਪਤੀ ਭਵਨ ਉੱਤੇ ਵੀ ਕਬਜ਼ਾ ਕਰ ਲਿਆ। ਅਫਗਾਨਿਸਤਾਨ ਦੀ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਮੁਖੀ ਅਬਦੁੱਲਾ ਅਬਦੁੱਲਾ ਨੇ ਇੱਕ ਵੀਡੀਓ ਸੰਦੇਸ਼ ’ਚ ਕਿਹਾ ਕਿ ‘ਸਾਬਕਾ ਰਾਸ਼ਟਰਪਤੀ’ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਅਬਦੁੱਲਾ ਨੇ ਕਿਹਾ, ‘‘ਉਨ੍ਹਾਂ (ਗਨੀ) ਨੇ ਮੁਸ਼ਕਿਲ ਸਮੇਂ ’ਚ ਅਫਗਾਨਿਸਤਾਨ ਛੱਡ ਦਿੱਤਾ। ਰੱਬ ਉਨ੍ਹਾਂ ਨੂੰ ਜਵਾਬਦੇਹ ਬਣਾਉਂਦਾ ਹੈ।” ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਅਬਦੁੱਲਾ ਅਤੇ ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਸਿਆਸਤਦਾਨ ਗੁਲਬੂਦੀਨ ਹੇਕਮਤਯਾਰ ਨੇ ਸੱਤਾ ਦੇ ਸੁਚਾਰੂ ਤਬਾਦਲੇ ਨੂੰ ਯਕੀਨੀ ਬਣਾਉਣ ਲਈ ਇੱਕ ਕੌਂਸਲ ਸਥਾਪਿਤ ਕੀਤੀ ਹੈ। ਤਾਲਿਬਾਨ ਦੀ ਸਲਾਹਕਾਰ ਕੌਂਸਲ ਪਹਿਲਾਂ ਹੀ ਅਫਗਾਨ ਸੁਰੱਖਿਆ ਬਲਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਆਮ ਮੁਆਫੀ ਦਾ ਐਲਾਨ ਕਰ ਚੁੱਕੀ ਹੈ, ਜੋ ਬਿਨਾਂ ਸ਼ਰਤ ਸਮਰਪਣ ਕਰ ਦਿੰਦੇ ਹਨ।


author

Manoj

Content Editor

Related News