ਕਾਬੁਲ 'ਚ ਸਕੂਲਾਂ ਨੇੜੇ ਜਬਰਦਸਤ ਧਮਾਕੇ, 6 ਲੋਕਾਂ ਦੀ ਮੌਤ, ਜ਼ਖ਼ਮੀਆਂ 'ਚ ਬੱਚੇ ਵੀ ਸ਼ਾਮਲ
Tuesday, Apr 19, 2022 - 01:01 PM (IST)
ਕਾਬੁਲ (ਵਾਰਤਾ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਹੋਏ ਬੰਬ ਧਮਾਕਿਆਂ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਸੱਤ ਬੱਚੇ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹਨਾਂ ਧਮਾਕਿਆਂ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕਾਬੁਲ ਪੁਲਸ ਦੇ ਬੁਲਾਰੇ ਖਾਲਿਦ ਜ਼ਰਦਾਨ ਅਤੇ ਸ਼ਹਿਰ ਦੇ ਐਮਰਜੈਂਸੀ ਹਸਪਤਾਲ ਦੇ ਅਨੁਸਾਰ ਲੜੀਵਾਰ ਤਿੰਨ ਬੰਬ ਧਮਾਕਿਆਂ ਵਿੱਚ ਸੱਤ ਬੱਚੇ ਜ਼ਖਮੀ ਹੋਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ। ਇਹ ਧਮਾਕੇ ਕਾਬੁਲ ਨੇੜੇ ਦਸ਼ਤ-ਏ-ਬਰਚੀ ਦੇ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਨੇੜੇ ਅਤੇ ਇੱਕ ਵਿਦਿਅਕ ਕੇਂਦਰ ਦੇ ਅੰਦਰ ਹੋਏ, ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਸਨ। ਕਿਸੇ ਵੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸਲਾਮਿਕ ਸਟੇਟ ਪਹਿਲਾਂ ਵੀ ਇਸ ਖੇਤਰ ਵਿੱਚ ਹਮਲੇ ਕਰਦਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ 'ਚ ਭਿਆਨਕ ਹੜ੍ਹ, ਰਾਸ਼ਟਰਪਤੀ ਰਾਮਾਫੋਸਾ ਨੇ ਰਾਸ਼ਟਰੀ ਆਫ਼ਤ ਕੀਤੀ ਘੋਸ਼ਿਤ (ਤਸਵੀਰਾਂ)
ਪਹਿਲਾ ਧਮਾਕਾ ਪੱਛਮੀ ਕਾਬੁਲ ਵਿੱਚ ਮੁਮਤਾਜ਼ ਸਕੂਲ ਦੇ ਇਲਾਕੇ ਵਿੱਚ ਹੋਇਆ। ਚਸ਼ਮਦੀਦਾਂ ਮੁਤਾਬਕ ਧਮਾਕੇ 'ਚ ਕਈ ਲੋਕ ਜ਼ਖਮੀ ਹੋਏ ਹਨ। ਮੀਡੀਆ ਸੂਤਰਾਂ ਨੇ ਦੱਸਿਆ ਕਿ ਦੂਜਾ ਧਮਾਕਾ ਰਾਜਧਾਨੀ ਦੇ ਪੱਛਮ ਵਿਚ ਸ਼ੀਆ ਬਹੁਲ ਖੇਤਰ ਦਸ਼ਤ-ਏ-ਬਰਚੀ ਵਿਚ ਇਕ ਸਕੂਲ ਨੇੜੇ ਹੋਇਆ। ਇਸ ਧਮਾਕੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।